ਗਰਭਵਤੀ ਔਰਤਾਂ ਜਣੇਪੇ ਲਈ ਸਰਕਾਰੀ ਹਸਪਤਾਲਾਂ ਨੂੰ ਪਹਿਲ ਦੇਣ- ਡਾ ਬਿੰਦੂ ਨਲਵਾ
ਮਲੇਰਕੋਟਲਾ: 10 ਸਤੰਬਰ
ਸਰਕਾਰੀ ਜੱਚਾ ਬੱਚਾ ਹਸਪਤਾਲ’ਚ ਜ਼ਿਲ੍ਹੇ ਦੀਆਂ ਗਰਭਵਤੀ ਮਹਿਲਾਵਾਂ ਨੂੰ ਸਿਹਤ ਸਹੂਲਤਾਂ ਬਿਲਕੁਲ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ । ਗਰਭਵਤੀ ਔਰਤਾਂ ਨੂੰ ਅਪੀਲ ਹੈ ਕਿ ਉਹ ਆਪਣਾ ਜਣੇਪਾ ਕਰਾਉਣ ਲਈ ਸਰਕਾਰੀ ਹਸਪਤਾਲ ਨੂੰ ਤਰਜੀਹ ਦੇਣ । ਇਨ੍ਹਾਂ ਗੱਲ ਦੀ ਜਾਣਕਾਰੀ ਕਾਰਜਕਾਰੀ ਸਿਵਲ ਸਰਜਨ ਜ਼ਿਲ੍ਹਾ ਮਲੇਰਕੋਟਲਾ ਡਾਕਟਰ ਬਿੰਦੂ ਨਲਵਾ ਨੇ ਦਿੱਤੀ ।
ਡਾਕਟਰ ਬਿੰਦੂ ਨੇ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਰਾਜ ਦੇ ਵੱਖ ਵੱਖ ਸਿਹਤ ਸੰਸਥਾਵਾਂ ਵਿੱਚ ਦਿੱਤੀਆਂ ਜਾ ਰਹੀਆਂ ਮੁਫ਼ਤ ਸਿਹਤ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ।ਉਨ੍ਹਾਂ ਦੱਸਿਆ ਕਿ ਗਰਭਵਤੀ ਔਰਤਾਂ ਦੇ ਪੂੰਜੀਕਰਨ ਤੋਂ ਲੈ ਕੇ ਜਣੇਪੇ ਤਕ ਦੇ ਸਮੇਂ ਦੌਰਾਨ ਜਿਨ੍ਹਾਂ ਜਿਨ੍ਹਾਂ ਸਿਹਤ ਸਹੂਲਤਾਂ ਦੀ ਗਰਭਵਤੀ ਔਰਤ ਅਤੇ ਨਵ ਜੰਮੇ ਬੱਚੇ ਨੂੰ ਲੋੜ ਹੁੰਦੀ ਹੈ ।ਉਹ ਸਾਰੀਆਂ ਜ਼ਿਲ੍ਹਾ ਜੱਚਾ ਬੱਚਾ ਹਸਪਤਾਲਾਂ ਅਤੇ ਵੱਖ ਵੱਖ ਸਰਕਾਰੀ ਸਿਹਤ ਸੰਸਥਾਵਾਂ ਦੇ ਵਿਚ ਪੂਰਨ ਤੌਰ ਤੇ ਬਿਲਕੁਲ ਮੁਫ਼ਤ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਜਿਸ ਵਿੱਚ ਖ਼ਾਸ ਤੌਰ ਤੇ ਤਿੰਨ ਅਲਟਰਾਸਾਊਂਡ ਕਰਵਾਏ ਜਾਣ ਦੀ ਸਹੂਲਤ, ਇਸ ਦੇ ਨਾਲ ਵੱਖ ਵੱਖ ਵੈਕਸੀਨੇਸ਼ਨ ਅਤੇ ਟੀਕਾਕਰਨ, ਹਰ ਵਾਰ ਮਾਹਿਰ ਡਾਕਟਰ ਤੋਂ ਚੈੱਕ ਕਰਵਾਉਣ ਲਈ ਲੱਗਣ ਵਾਲੀ ਪਰਚੀ, ਸਮੇਂ ਸਮੇਂ ਤੇ ਲੋੜੀਂਦੇ ਹਰ ਤਰ੍ਹਾਂ ਦੇ ਲੈਬਾਰਟਰੀ ਟੈੱਸਟ ਅਤੇ ਹੋਰ ਦਵਾਈਆਂ ਆਦਿ ਬਿਲਕੁਲ ਮੁਫ਼ਤ ਉਪਲਬਧ ਕਰਵਾਈਆਂ ਜਾ ਰਹੀਆਂ ਹਨ।
ਡਾ ਬਿੰਦੂ ਨੇ ਅੱਗੇ ਦੱਸਿਆ ਕਿ ਉਪਰੋਕਤ ਸਹੂਲਤਾਂ ਦੇ ਨਾਲ ਨਾਲ ਗਰਭਵਤੀ ਔਰਤ ਨੂੰ ਜਣੇਪੇ ਸਮੇਂ ਹਸਪਤਾਲ ਲੈ ਕੇ ਜਾਣ ਲਈ ਐਂਬੂਲੈਂਸ ਅਤੇ ਜਣੇਪੇ ਉਪਰੰਤ ਘਰ ਛੱਡ ਕੇ ਜਾਣ ਲਈ ਐਂਬੂਲੈਂਸ ਦੀ ਸਹੂਲਤ ਵੀ ਮੁਫ਼ਤ ਮੁਹੱਈਆ ਕਰਵਾਈ ਜਾਂਦੀ ਹੈ ਅਤੇ ਨਾਲ ਹੀ ਸਰਕਾਰੀ ਹਸਪਤਾਲਾਂ ਵਿੱਚ ਜਣੇਪਾ ਵੀ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ ਭਾਵ ਕਿ ਸਾਧਾਰਨ ਜਣੇਪੇ ਜਾਂ ਅਪ੍ਰੇਸ਼ਨ ਦੁਆਰਾ ਹੋਣ ਵਾਲੇ ਜਣੇਪੇ ਲਈ ਕਿਸੇ ਵੀ ਕਿਸਮ ਦਾ ਖ਼ਰਚ ਸਰਕਾਰੀ ਹਸਪਤਾਲਾਂ ਵਿੱਚ ਨਹੀਂ ਲਿਆ ਜਾਂਦਾ। ਬੱਚੇ ਦੇ ਜਨਮ ਤੋਂ ਲੈ ਕੇ ਪੰਜ ਸਾਲ ਤੱਕ ਦੀ ਉਮਰ ਤਕ ਸਾਰੇ ਬੱਚਿਆਂ ਨੂੰ ਜ਼ਰੂਰੀ ਵੈਕਸੀਨ ਅਤੇ ਵੱਖ ਵੱਖ ਮਾਰੂ ਰੋਗਾਂ ਤੋਂ ਬਚਾਓ ਲਈ ਕੀਤਾ ਜਾਣ ਵਾਲਾ ਟੀਕਾਕਰਨ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਇਕ ਸਾਲ ਦੀ ਉਮਰ ਤੱਕ ਦੇ ਲੜਕਿਆਂ ਦਾ ਸੰਪੂਰਨ ਇਲਾਜ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ ਅਤੇ ਲੜਕੀਆਂ ਲਈ ਪੰਜ ਸਾਲ ਦੀ ਉਮਰ ਤੱਕ ਸਾਰੀਆਂ ਸਿਹਤ ਸਹੂਲਤਾਂ ਬਿਲਕੁਲ ਮੁਫ਼ਤ ਉਪਲਬਧ ਹਨ।
ਡਾਕਟਰ ਬਿੰਦੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਜੱਚਾ ਨੂੰ ਜਣੇਪੇ ਸਮੇਂ ਇੱਕ ਦਿਨ ਵਿੱਚ ਤਿੰਨ ਵਾਰ ਖਾਣਾ ਦਿੱਤਾ ਜਾਂਦਾ ਹੈ ਜੋ ਕਿ ਸਾਧਾਰਨ ਜਣੇਪੇ ਦੌਰਾਨ ਤਿੰਨ ਦਿਨਾਂ ਲਈ ਅਤੇ ਅਪਰੇਸ਼ਨ ਵਾਲੇ ਜਣੇਪੇ ਸਮੇਂ ਸੱਤ ਦਿਨਾਂ ਲਈ ਬਿਲਕੁਲ ਮੁਫ਼ਤ ਦਿੱਤਾ ਜਾਂਦਾ ਹੈ।
ਕਾਰਜਕਾਰੀ ਮਾਸ ਮੀਡੀਆ ਅਧਿਕਾਰੀ ਸੋਨਦੀਪ ਸਿੰਘ ਸੰਧੂ ਨੇ ਇਸ ਮੌਕੇ ਦੱਸਿਆ ਕਿ ਸਰਕਾਰ ਵੱਲੋਂ ਵੱਖ ਵੱਖ ਸਿਹਤ ਸਹੂਲਤਾਂ ਮੁਫ਼ਤ ਮੁਹੱਈਆ ਕਰਵਾਉਣ ਦੇ ਨਾਲ ਨਾਲ ਸ਼ਹਿਰੀ ਖੇਤਰ ਦੇ ਅਨੁਸੂਚਿਤ ਜਾਤੀ/ਕਬੀਲੇ ਜਾਂ ਗ਼ਰੀਬੀ ਰੇਖਾ ਤੋਂ ਹੇਠਾਂ ਦੇ ਲਾਭਪਾਤਰੀ ਦੇ ਖਾਤੇ ਵਿੱਚ ਸਰਕਾਰੀ ਸਿਹਤ ਸੰਸਥਾ ਵਿੱਚ ਜਣੇਪਾ ਕਰਵਾਉਣ ਉਪਰੰਤ ਛੇ ਸੌ ਰੁਪਏ ਜਨਨੀ ਸੁਰੱਖਿਆ ਯੋਜਨਾ ਤਹਿਤ ਦਿੱਤੇ ਜਾਂਦੇ ਹਨ, ਜਦੋਂ ਕਿ ਪੇਂਡੂ ਖੇਤਰ ਵਿਚ ਰਹਿਣ ਵਾਲੀ ਅਨੁਸੂਚਿਤ ਜਾਤੀ/ਕਬੀਲੇ ਜਾਂ ਗ਼ਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਲਾਭਪਾਤਰੀ ਦੇ ਲਈ ਇਹ ਰਾਸ਼ੀ ਸੱਤ ਸੌ ਰੁਪਏ ਹੈ ਜਣੇਪੇ ਉਪਰੰਤ ਸੱਤ ਸੌ ਰੁਪਏ ਜਨਨੀ ਸੁਰੱਖਿਆ ਯੋਜਨਾ ਤਹਿਤ ਦਿੱਤੇ ਜਾਂਦੇ ਹਨ।
Please Share This News By Pressing Whatsapp Button