ਵਧੀਕ ਡਿਪਟੀ ਕਮਿਸ਼ਨਰ ਵੱਲੋਂ ਡੇਂਗੂ ਤੋਂ ਬਚਾਅ ਲਈ ਸਿਹਤ ਵਿਭਾਗ ਅਤੇ ਨਗਰ ਕੌਸ਼ਲ ਨੂੰ ਮੁਹਿੰਮ ਹੋਰ ਤੇਜ਼ ਕਰਨ ਦੇ ਨਿਰਦੇਸ਼
ਮਲੇਰਕੋਟਲਾ 14 ਸਤੰਬਰ –
ਬਰਸਾਤੀ ਮੌਸਮ ਵਿਚ ਡੇਂਗੂ ਅਤੇ ਮਲੇਰੀਆ ਤੋਂ ਬਚਾਅ ਲਈ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਤ੍ਰਿਪਾਠੀ ਵੱਲੋਂ ਸਿਹਤ ਵਿਭਾਗ ਅਤੇ ਨਗਰ ਕੌਂਸਲਾਂ ਦੇ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਇਸ ਸਬੰਧੀ ਚਲਾਈ ਮੁਹਿੰਮ ਨੂੰ ਹੋਰ ਤੇਜ਼ ਕਰਨ ।ਉਨ੍ਹਾਂ ਹੋਰ ਕਿਹਾ ਕਿ ਡੇਂਗੂ ਦੇ ਲਾਰਵੇ ਦੀ ਪਛਾਣ ਕਰਕੇ ਉਹਨੂੰ ਨਸ਼ਟ ਕਰਨ ਅਤੇ ਸਬੰਧਿਤ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਦੇ ਚਲਾਨ ਕੀਤੇ ਜਾਣ।
ਵਧੀਕ ਡਿਪਟੀ ਕਮਿਸ਼ਨਰ ਵੱਲੋਂ ਨਿਰਦੇਸ਼ ਦਿੱਤੇ ਗਏ ਕਿ ਸਾਰੇ ਸਰਕਾਰੀ ਤੇ ਪ੍ਰਾਈਵੇਟ ਦਫ਼ਤਰਾਂ ਵਿਖੇ ਲਾਰਵੇ ਦੀ ਜਾਂਚ ਯਕੀਨੀ ਬਣਾਈ ਜਾਵੇ ।ਇਸੇ ਤਰ੍ਹਾਂ ਸਿਹਤ ਵਿਭਾਗ ਨੂੰ ਜਾਗਰੂਕਤਾ ਮੁਹਿੰਮ ਤਹਿਤ ਵੱਧ ਤੋਂ ਵੱਧ ਆਬਾਦੀ ਨੂੰ ਕਵਰ ਕਰਕੇ ਉਹਨੂੰ ਡੇਂਗੂ ਤੋਂ ਬਚਾਅ ਬਾਰੇ ਜਾਣੂੰ ਕਰਵਾਉਣ ਲਈ ਕਿਹਾ ਗਿਆ ਹੈ।
ਕਾਰਜਕਾਰੀ ਸਿਵਲ ਸਰਜਨ ਡਾਕਟਰ ਬਿੰਦੂ ਨਲਵਾ ਨੇ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਪਿਛਲੇ ਇਕ ਮਹੀਨੇ ਤੋਂ ਲਾਰਵੇ ਦੀ ਪਹਿਚਾਣ ਕਰਕੇ ਉਹਨੂੰ ਨਸ਼ਟ ਕੀਤਾ ਜਾ ਰਿਹਾ ਹੈ ਅਤੇ ਇਸ ਸਬੰਧੀ ਜਾਗਰੂਕਤਾ ਲਈ ਲਿਟਰੇਚਰ ਵੀ ਵੰਡਿਆ ਜਾ ਰਿਹਾ ਹੈ। ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸਰਕਾਰੀ ਦਫ਼ਤਰਾਂ, ਘਰਾਂ, ਦੁਕਾਨਾਂ ਸਮੇਤ 377 ਥਾਵਾਂ ‘ਤੇ ਜਾਂਚ ਕੀਤੀ ਗਈ ਹੈ।
ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਬਰਸਾਤ ਦੌਰਾਨ ਘਰਾਂ ਦੇ ਆਲ਼ੇ ਦੁਆਲੇ, ਘਰਾਂ ਦੀਆਂ ਛੱਤਾਂ ਤੇ ਕਬਾੜ ਜਾਂ ਪੁਰਾਣੇ ਟਾਇਰਾਂ ਵਿਚ ਪਾਣੀ ਜਮਾਂ ਨਾ ਹੋਣ ਦੇਣ। ਕੂਲਰਾਂ, ਫ਼ਰਿਜਾਂ ਦੀਆਂ ਟ੍ਰੇਆਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਕੇ ਸੁਖਾਇਆ ਜਾਏ ਅਤੇ ਘਰਾਂ ਦੀਆਂ ਛੱਤਾਂ ਤੇ ਪਈਆਂ ਟੈਂਕੀਆਂ ਨੂੰ ਹਮੇਸ਼ਾ ਢੱਕ ਕੇ ਰੱਖਿਆ ਜਾਏ।
ਉਨ੍ਹਾਂ ਹੋਰ ਦੱਸਿਆ ਕਿ ਇਸ ਮੌਸਮ ਵਿਚ ਪੂਰੀਆਂ ਬਾਂਹਾਂ ਦੇ ਕੱਪੜੇ ਪਾਏ ਜਾਣ, ਮੱਛਰਦਾਨੀਆਂ ਦਾ ਪ੍ਰਯੋਗ ਕੀਤਾ ਜਾਏ। ਬੁਖ਼ਾਰ,ਸਿਰਦਰਦ, ਸਰੀਰ ਦਰਦ ਹੋਣ ਤੇ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਨਾਲ ਸੰਪਰਕ ਕੀਤਾ ਜਾਏ ਤੇ ਸੈੱਲਫ਼ ਮੈਡੀਟੇਸ਼ਨ ਤੋਂ ਬਚਿਆ ਜਾਏ।
Please Share This News By Pressing Whatsapp Button