ਚੰਦਰੇਸ਼ਵਰ ਸਿੰਘ ਮੋਹੀ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪਿੰਡ ਲਿੱਦੜਾਂ ਦੇ ਐਸ.ਸੀ. ਪਰਿਵਾਰਾਂ ਨਾਲ ਸਬੰਧਤ ਸਾਂਝੇ ਕੰਮ ਪਹਿਲ ਦੇ ਆਧਾਰ ’ਤੇ ਕਰਨ ਦੀ ਹਦਾਇਤ
ਲਿੱਦੜਾਂ/ਸੰਗਰੂਰ, 16 ਸਤੰਬਰ:
ਸੰਗਰੂਰ ਜ਼ਿਲੇ ਦੇ ਪਿੰਡ ਲਿੱਦੜਾਂ ਦੇ ਐਸ.ਸੀ. ਪਰਿਵਾਰਾਂ ਵੱਲੋਂ ਗਲੀਆਂ-ਨਾਲੀਆਂ ਬਣਾਉਣ ਮੌਕੇ ਕੀਤੇ ਜਾਂਦੇ ਵਿਤਕਰੇ ਸਬੰਧੀ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੂੰ ਕੀਤੀ ਗਈ ਸ਼ਿਕਾਇਤ ਦੀ ਪੜਤਾਲ ਲਈ ਕਮਿਸ਼ਨ ਮੈਂਬਰ ਸ਼੍ਰੀ ਚੰਦਰੇਸ਼ਵਰ ਸਿੰਘ ਮੋਹੀ ਵਿਸ਼ੇਸ਼ ਤੌਰ ’ਤੇ ਪਹੰੁਚੇ। ਇਸ ਮੌਕੇ ਸ਼੍ਰੀ ਚੰਦਰੇਸ਼ਵਰ ਸਿੰਘ ਮੋਹੀ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਐਸ.ਸੀ. ਪਰਿਵਾਰਾਂ ਨਾਲ ਸਬੰਧਤ ਪਿੰਡ ਦੇ ਸਾਂਝੇ ਕੰਮ ਪਹਿਲ ਦੇ ਆਧਾਰ ’ਤੇ ਕਰਵਾਏ ਜਾਣ। ਪੜਤਾਲ ਤੋਂ ਬਾਅਦ ਸ਼੍ਰੀ ਮੋਹੀ ਨੇ ਮੌਕੇ ’ਤੇ ਹੀ ਪੰਚਾਇਤ ਤੋਂ ਲਿੱਦੜਾਂ ਦੀ ਐਸ.ਸੀ. ਬਸਤੀ ਦੇ ਅਧੂਰੇ ਕੰਮ ਪਹਿਲ ਦੇ ਆਧਾਰ ’ਤੇ ਪੂਰੇ ਕਰਵਾਉਣ ਲਈ ਮਤਾ ਪਵਾਇਆ।
ਸ਼੍ਰੀ ਚੰਦਰੇਸ਼ਵਰ ਸਿੰਘ ਮੋਹੀ ਨੇ ਕਿਹਾ ਕਿ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਪਿੰਡ ਲਿੱਦੜਾਂ ਵਾਸੀਆਂ ਦੀ ਸ਼ਿਕਾਇਤ ਨੂੰ ਪੂਰੀ ਗੰਭੀਰਤਾ ਨਾਲ ਲੈਂਦਿਆਂ ਮੌਕੇ ਦੀ ਪੜਤਾਲ ਲਈ ਉਨਾਂ ਦੀ ਡਿਊਟੀ ਲਗਾਈ ਗਈ ਹੈ ਜਿਸ ਤੋਂ ਬਾਅਦ ਅੱਜ ਉਨਾਂ ਪਿੰਡ ਦਾ ਦੌਰਾ ਕਰਕੇ ਐਸ.ਸੀ. ਪਰਿਵਾਰਾਂ ਦੀਆਂ ਮੁਸ਼ਕਿਲਾਂ ਸੁਣੀਆਂ ਹਨ। ਉਨਾਂ ਕਿਹਾ ਕਿ ਪਿੰਡ ਦੀ ਪੰਚਾਇਤ ਦੇ ਨੁਮਾਇੰਦਿਆਂ ਤੋਂ ਇਲਾਵਾ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਕੀਤੇ ਗਏ ਹਨ ਕਿ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਦਾ ਲਾਭ ਅਸਲ ਲੋੜਵੰਦਾਂ ਤੱਕ ਪਹੁੰਚਾਉਣ ਮੌਕੇ ਕਿਸੇ ਕਿਸਮ ਦੀ ਕੋਈ ਵਿਤਕਰੇਬਾਜ਼ੀ ਨਾ ਕੀਤੀ ਜਾਵੇ।
ਕਮਿਸ਼ਨ ਮੈਂਬਰ ਨੇ ਪਿੰਡ ’ਚ ਵਾਟਰ ਵਰਕਸ ਦੇ ਬੋਰ ਦੀ ਸਮੱਸਿਆ ਨੂੰ ਵੀ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਤਾਂ ਜੋ ਪਿੰਡ ਦੇ ਹਰ ਘਰ ’ਚ ਸਾਫ਼ ਪੀਣਯੋਗ ਪਾਣੀ ਦੀ ਉਪਲਬਧਤਾ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਮੁੜ ਦੁਹਰਾਇਆ ਕਿ ਐਸ.ਸੀ. ਸਮਾਜ ਦੇ ਕਿਸੇ ਵੀ ਮੈਂਬਰ ਨਾਲ ਕਿਸੇ ਕਿਸਮ ਦਾ ਕੋਈ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜੇਕਰ ਅਜਿਹਾ ਕੋਈ ਵੀ ਮਾਮਲਾ ਸਾਹਮਣੇ ਆਇਆ ਤਾਂ ਸਬੰਧਤ ਵਿਅਕਤੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਡੀ.ਐਮ. ਸੰਗਰੂਰ ਅਮਰਿੰਦਰ ਸਿੰਘ ਟਿਵਾਣਾ, ਜ਼ਿਲ੍ਹਾ ਸਮਾਜਿਕ ਨਿਆਂ ਤੇ ਅਧਿਕਾਰਤਾ ਅਫ਼ਸਰ ਗੁਰਿੰਦਰਜੀਤ ਸਿੰਘ ਧਾਲੀਵਾਲ, ਡੀ.ਡੀ.ਪੀ.ਓ. ਪਰਮਜੀਤ ਸਿੰਘ, ਡੀ.ਐਸ.ਪੀ. ਡੀ.ਐਸ.ਗਰੇਵਾਲ, ਬੀ.ਡੀ.ਪੀ.ਓ. ਲੈਨਿਨ ਗਰਗ, ਪਿੰਡ ਦੀ ਪੰਚਾਇਤ ਦੇ ਨੁਮਾਇੰਦੇ ਤੇ ਹੋਰ ਪਤਵੰਤੇ ਹਾਜ਼ਰ ਸਨ।
Please Share This News By Pressing Whatsapp Button