ਰੋਜ਼ਗਾਰ ਮੇਲੇ ਨੌਕਰੀਆਂ ਦੇ ਚਾਹਵਾਨਾਂ ਲਈ ਵਰਦਾਨ ਸਾਬਤ ਹੋ ਰਹੇ ਹਨ :ਅੰਮ੍ਰਿਤ ਕੌਰ ਗਿੱਲ
ਮਲੇਰਕੋਟਲਾ 16 ਸਤੰਬਰ :
ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ 7ਵੇਂ ਸੂਬਾ ਪੱਧਰੀ ਮੈਗਾ ਰੋਜ਼ਗਾਰ ਮੇਲੇ ਤਹਿਤ ਅੱਜ ਸਰਕਾਰੀ ਕਾਲਜ ਮਲੇਰਕੋਟਲਾ ਵਿਖੇ ਰੋਜ਼ਗਾਰ ਮੇਲਾ ਲਗਾਇਆ ਗਿਆ। ਇਸ ਮੌਕੇ ਸਥਾਨਕ ਤੇ ਬਾਹਰੋਂ ਪੁੱਜੀਆਂ ਵੱਖ-ਵੱਖ ਕਰੀਬ 2 ਦਰਜਨ ਤੋਂ ਵੱਧ ਕੰਪਨੀਆਂ ਨੇ 2829 ਨੌਜਵਾਨਾਂ ਵਿੱਚੋਂ 2072 ਨੌਜਵਾਨਾਂ ਦੀ ਚੋਣ ਕੀਤੀ।
ਡਿਪਟੀ ਕਮਿਸ਼ਨਰ ਮਲੇਰਕੋਟਲਾ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ ਸਰਕਾਰੀ ਕਾਲਜ ਮਲੇਰਕੋਟਲਾ ਵਿਖੇ ਲੱਗੇ ਰੋਜ਼ਗਾਰ ਮੇਲੇ ‘ਚ ਵਿਸ਼ੇਸ਼ ਤੌਰ ਤੇ ਪੁੱਜੇ ।ਉਨ੍ਹਾਂ ਕਿਹਾ ਕਿ ਅਜਿਹੇ ਰੋਜ਼ਗਾਰ ਮੇਲੇ ਨੌਕਰੀਆਂ ਦੇ ਚਾਹਵਾਨਾਂ ਲਈ ਵਰਦਾਨ ਸਾਬਤ ਹੋ ਰਹੇ ਹਨ ਅਤੇ ਨੌਜਵਾਨਾਂ ਲਈ ਸਵੈ-ਅਭਿਮਾਨ ਨਾਲ ਆਪਣੀ ਜ਼ਿੰਦਗੀ ਸ਼ੁਰੂ ਕਰਨ ਲਈ ਅਵਸਰ ਪ੍ਰਦਾਨ ਕਰ ਰਹੇ ਹਨ। ਉਨ੍ਹਾਂ ਹੋਰ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਰੋਜ਼ਗਾਰ ਮੇਲੇ ਜਿੱਥੇ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰ ਰਹੇ ਹਨ ਉੱਥੇ ਸਵੈ ਰੋਜ਼ਗਾਰ ਸ਼ੁਰੂ ਕਰਨ ਦੇ ਇੱਛਕ ਨੌਜਵਾਨਾਂ ਨੂੰ ਸੇਧ ਦੇ ਰਹੇ ਹਨ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਨੌਜਵਾਨ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਨ੍ਹਾਂ ਮੇਲਿਆਂ ਰਾਹੀਂ ਰੋਜ਼ਗਾਰ ਦੀ ਭਾਲ ਕਰਨ ਵਾਲੇ ਆਪਣੀ ਪਸੰਦ ਦੀ ਨੌਕਰੀ ਪ੍ਰਾਪਤ ਕਰ ਸਕਦੇ ਹਨ ਅਤੇ ਨੌਕਰੀ ਦੇਣ ਵਾਲੇ ਉਮੀਦਵਾਰਾਂ ਨੂੰ ਆਪਣੀਆਂ ਜ਼ਰੂਰਤਾਂ ਅਤੇ ਸਮਰੱਥਾਵਾਂ ਅਨੁਸਾਰ ਚੋਣ ਕਰ ਸਕਦੇ ਹਨ । ਅਜਿਹੇ ਰੋਜ਼ਗਾਰ ਮੇਲੇ ਰੋਜ਼ਗਾਰ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਤੇ ਨੌਕਰੀ ਦੇਣ ਵਾਲੀਆਂ ਕੰਪਨੀਆਂ, ਦੋਵਾਂ ਲਈ ਲਾਹੇਵੰਦ ਸਿੱਧ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਘਰ-ਘਰ ਰੋਜ਼ਗਾਰ ਯੋਜਨਾ ਦੀ ਇਸ ਵਿਲੱਖਣ ਪਹਿਲਕਦਮੀ ਤਹਿਤ ਪੰਜਾਬ ਸਰਕਾਰ ਨੌਕਰੀ ਦੀ ਤਲਾਸ਼ ਕਰ ਰਹੇ ਬੇਰੁਜ਼ਗਾਰਾਂ ਤੇ ਰੋਜ਼ਗਾਰ ਦੇਣ ਵਾਲਿਆਂ ਨੂੰ ਇੱਕ ਸਾਂਝਾ ਮੰਚ ਪ੍ਰਦਾਨ ਕਰ ਰਹੀ ਹੈ।
ਐਸ.ਡੀ.ਐਮ. ਮਲੇਰਕੋਟਲਾ ਸ੍ਰੀ ਟੀ.ਬੈਨਿਥ ਨੇ ਕਿਹਾ ਕਿ ਪਹਿਲੀ ਨੌਕਰੀ ਭਾਵੇਂ ਸਰਕਾਰੀ ਹੋਵੇ ਜਾਂ ਗ਼ੈਰ ਸਰਕਾਰੀ, ਉਹਨੂੰ ਹਾਸਲ ਕਰਨ ਦਾ ਤਜਰਬਾ,ਸਾਰੀ ਉਮਰ ਯਾਦ ਰਹਿੰਦਾ ਹੈ ਅਤੇ ਦਿਲ ਤੇ ਗਹਿਰੀ ਛਾਪ ਵੀ ਦਿੰਦਾ ਹੈ। ਇਨ੍ਹਾਂ ਮੇਲਿਆਂ ਦੌਰਾਨ 8ਵੀਂ ਤੋਂ ਲੈਕੇ ਉਚ ਸਿੱਖਿਆ ਪ੍ਰਾਪਤ ਤੇ ਹੁਨਰਮੰਦ ਨੌਜਵਾਨਾਂ ਨੂੰ ਉਨ੍ਹਾਂ ਦੇ ਪਸੰਦ ਦੀ ਨੌਕਰੀ ਮਿਲ ਰਹੀ ਹੈ ਅਤੇ ਕੰਪਨੀਆਂ ਨੂੰ ਆਪਣੀ ਲੋੜ ਮੁਤਾਬਕ ਹੁਨਰਮੰਦ ਕਾਮੇ ਤੇ ਮਨੁੱਖੀ ਸ਼ਕਤੀ ਸੁਖਾਲੇ ਢੰਗ ਨਾਲ ਮਿਲ ਜਾਂਦੀ ਹੈ। ਇਥੇ ਨੌਕਰੀਆਂ ਹਾਸਲ ਕਰਨ ਵਾਲਿਆਂ ਨੂੰ 10 ਹਜ਼ਾਰ ਰੁਪਏ ਤੋਂ ਲੈਕੇ ਉਨ੍ਹਾਂ ਦੀ ਯੋਗਤਾ ਮੁਤਾਬਕ ਵੱਡੇ ਪੈਕੇਜ ਵੀ ਦਿੱਤੇ ਜਾ ਰਹੇ ਹਨ।
ਰੋਜ਼ਗਾਰ ਮੇਲੇ ਦੌਰਾਨ ਰਜਿੰਦਰਪੁਰੀ ਦੇ ਨੌਜਵਾਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਆਈ.ਟੀ.ਆਈ ਪਾਸ ਹਨ, ਉਸ ਦੀ ਪਹਿਲੀ ਨੌਕਰੀ ਲਈ ਇਸ ਰੋਜ਼ਗਾਰ ਮੇਲੇ ‘ਚ ਚੋਣ ਹੋਈ ਹੈ। ਨੌਕਰੀ ਮਿਲਣ ਨਾਲ ਉਹ ਆਪਣੀ ਰੋਜ਼ਮਰ੍ਹਾ ਦੀਆਂ ਲੋੜਾਂ ਦੀ ਪੂਰਤੀ ਕਰ ਸਕੇਗਾ ।ਮੈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜੋ ਕਿ ਅਜਿਹੇ ਰੋਜ਼ਗਾਰ ਮੇਲਿਆਂ ਦਾ ਆਯੋਜਨ ਕਰਕੇ ਨੌਕਰੀ ਦੇ ਚਾਹਵਾਨ ਅਤੇ ਨੌਕਰੀ ਦੇਣ ਵਾਲੇ ਉਦਯੋਗਪਤੀਆਂ /ਫ਼ਰਮਾਂ ਲਈ ਸਾਂਝਾ ਪਲੇਟਫ਼ਾਰਮ ਮੁਹੱਈਆ ਕਰਵਾ ਰਹੇ ਹਨ।
ਇਸ ਮੌਕੇ ਡੀ.ਐਸ.ਪੀ ਮਲੇਰਕੋਟਲਾ ਸ੍ਰੀ ਵਿਲੀਅਮ ਜੈਜ਼ੀ,ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਤੇ ਸਿਖਲਾਈ ਅਫ਼ਸਰ ਸ੍ਰੀ ਗੁਰਤੇਜ ਸਿੰਘ, ਸਰਕਾਰੀ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਸ੍ਰੀ ਬਲਵਿੰਦਰ ਸਿੰਘ, ਤਹਿਸੀਲਦਾਰ ਸ੍ਰੀ ਰਣਜੀਤ ਸਿੰਘ , ਪ੍ਰਧਾਨ ਉਦਯੋਗਿਕ ਐਸੋਸੀਏਸ਼ਨ ਸ੍ਰੀ ਸੰਜੀਵ ਸੂਦ ਤੋ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ ।
Please Share This News By Pressing Whatsapp Button