ਡੇਂਗੂ ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਦੀ ਲੋੜ- ਸਿਵਲ ਸਰਜਨ
ਸੰਗਰੂਰ, 17 ਸਤੰਬਰ
ਡੇਂਗੂ ਬੁਖਾਰ ਇਕ ਆਮ ਸੰਚਾਰੀ ਰੋਗ ਹੈ ਜਿਸ ’ਚ ਤੇਜ਼ ਬੁਖਾਰ, ਬਹੁਤ ਜ਼ਿਆਦਾ ਸਰੀਰ ਅਤੇ ਸਿਰ ਦਰਦ, ਅੱਖਾਂ ਦੇ ਪਿਛਲੇ ਭਾਗ ਵਿੱਚ ਦਰਦ ਹੋਣਾ, ਬਹੁਤ ਜ਼ਿਆਦਾ ਕਮਜ਼ੋਰੀ ਹੋਣਾ, ਭੁੱਖ ਨਾ ਲੱਗਣਾ, ਮੂੰਹ ਦਾ ਸਵਾਦ ਖ਼ਰਾਬ ਹੋਣਾ, ਗਲੇ ਵਿੱਚ ਹਲਕਾ ਦਰਦ ਅਤੇ ਸਰੀਰ ਤੇ ਲਾਲ ਦਾਣੇ ਨਿਕਲਣੇ ਆਮ ਲੱਛਣ ਹਨ। ਜੇਕਰ ਕਿਸੇ ਮਰੀਜ਼ ਨੂੰ ਅਜਿਹੇ ਲੱਛਣ ਦਿਖਾਈ ਦੇਣ ਤਾਂ ਉਹ ਤੁਰੰਤ ਨੇੜੇ ਦੇ ਹਸਪਤਾਲ ਵਿਚ ਜਾਂਚ ਕਰਵਾਏ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਵਲ ਸਰਜਨ ਡਾ. ਅੰਜਨਾ ਗੁਪਤਾ ਨੇ ਕੀਤਾ।
ਉਨ੍ਹਾਂ ਕਿਹਾ ਕਿ ਮਲੇਰੀਆ ਦੀ ਤਰ੍ਹਾਂ ਡੇਂਗੂ ਬੁਖਾਰ ਵੀ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਉਨ੍ਹਾਂ ਦੱਸਿਆ ਕਿ ਇਹ ਮੱਛਰ ਦਿਨ ਵੇਲੇ ਕੱਟਦਾ ਹੈ ਅਤੇ ਇਹ ਸਾਫ਼ ਖੜ੍ਹੇ ਪਾਣੀ ਵਿੱਚ ਪੈਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਘਰਾਂ ਦੇ ਆਸ ਪਾਸ ਪਾਣੀ ਖੜ੍ਹਾ ਹੋਣ ਨਹੀਂ ਦੇਣਾ ਚਾਹੀਦਾ ਅਤੇ ਪਾਣੀ ਦੀਆਂ ਟੈਂਕੀਆਂ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਘਰਾਂ ਵਿੱਚ ਕੂਲਰ, ਟੈਂਕੀਆਂ, ਫਰਿੱਜ਼, ਗਮਲੇ ਆਦਿ ਹਰ ਹਫ਼ਤੇ ਖਾਲੀ ਕਰਨੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਹਰ ਸ਼ੁੱਕਰਵਾਰ ਡਰਾਈ ਦਿਵਸ ਮਨਾਇਆ ਜਾਂਦਾ ਹੈ ਜਿਸ ਤਹਿਤ ਵਿਭਾਗ ਦੀਆਂ ਟੀਮਾਂ ਹਰ ਸ਼ੁੱਕਰਵਾਰ ਨੂੰ ਘਰ ਘਰ ਜਾ ਕੇ ਪਾਣੀ ਦੇ ਸਰੋਤ ਚੈੱਕ ਕਰਦੇ ਹਨ ਅਤੇ ਖਾਲੀ ਕਰਵਾਉਂਦੇ ਹਨ ਤਾਂ ਜੋ ਮੱਛਰਾਂ ਨੂੰ ਪੈਦਾ ਹੋਣ ਅਤੇ ਵਾਧੇ ਨੂੰ ਰੋਕਿਆ ਜਾ ਸਕੇ।
ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲ੍ਹੇ ਦੇ ਟੋਭਿਆਂ ਵਿੱਚ ਗੰਬੂਜੀਆਂ ਮੱਛੀਆਂ ਛੱਡੀਆਂ ਗਈਆਂ ਹਨ ਜੋ ਕਿ ਇਨ੍ਹਾਂ ਮੱਛਰਾਂ ਦੇ ਲਾਰਵੇ ਨੂੰ ਖਾ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਡੇਂਗੂ ਦਾ ਟਰਾਂਸਮਿਸ਼ਨ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਅਤੇ ਇਸ ਸਾਲ ਜ਼ਿਲ੍ਹੇ ਵਿੱਚ ਡੇਗੂ ਦੇ 9 ਕੇਸ ਸਾਹਮਣੇ ਆ ਚੁੱਕੇ ਹਨ ਇਸ ਲਈ ਸਾਨੂੰ ਸਤਰਕ ਰਹਿਣ ਦੀ ਜ਼ਰੂਰਤ ਹੈ। ਉਨ੍ਹਾਂ ਦੱਸਿਆ ਕਿ “ਡੇਂਗੂ ਫ੍ਰੀ ਐਪ’’ ਜੋ ਕਿ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਹੈ, ਗੂਗਲ ਪਲੇਅ ਸਟੋਰ ਤੋਂ ਮੁਫ਼ਤ ਡਾਊਨਲੋਡ ਕੀਤੀ ਜਾ ਸਕਦੀ ਹੈ ਅਤੇ ਇਸ ਤੋਂ ਡੇਂਗੂ ਬਾਰੇ ਸਾਰੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।
Please Share This News By Pressing Whatsapp Button