ਨਗਰ ਸੁਧਾਰ ਟਰੱਸਟ ਸੰਗਰੂਰ ਵੱਲੋਂ ਹਰ ਕੰਮ ’ਚ ਉੱਚ ਕੁਆਲਿਟੀ ਤੇ ਪਾਰਦਰਸ਼ਤਾ ਦਾ ਰੱਖਿਆ ਗਿਆ ਪੂਰਾ ਖਿਆਲ: ਚੇਅਰਮੈਨ ਨਰੇਸ਼ ਗਾਬਾ
ਸੰਗਰੂਰ, 17 ਸਤੰਬਰ:
ਨਗਰ ਸੁਧਾਰ ਟਰੱਸਟ ਸੰਗਰੂਰ ਦੇ ਚੇਅਰਮੈਨ ਸ਼੍ਰੀ ਨਰੇਸ਼ ਗਾਬਾ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਟਰੱਸਟ ਵੱਲੋਂ ਸ਼ਹਿਰ ਦੇ ਵੱਖ-ਵੱਖ ਖੇਤਰਾਂ ’ਚ ਕਰਵਾਏ ਗਏ ਵਿਕਾਸ ਕੰਮਾਂ ’ਚ ਉੱਚ ਕੁਆਲਿਟੀ ਅਤੇ ਪਾਰਦਰਸ਼ੀ ਪ੍ਰਕਿਰਿਆ ਅਪਣਾਉਣ ਦਾ ਪੂਰਾ ਖਿਆਲ ਰੱਖਿਆ ਗਿਆ ਹੈ। ਚੇਅਰਮੈਨ ਨੇ ਕਿਹਾ ਕਿ ਸੰਗਰੂਰ ਹਲਕੇ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਵਿਚ ਸੰਗਰੂਰ ਸ਼ਹਿਰ ਵਾਸੀਆਂ ਦੀ ਮੰਗ ਅਨੁਸਾਰ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਨਗਰ ਸੁਧਾਰ ਟਰੱਸਟ ਵੱਲੋਂ ਬਿਨਾਂ ਕਿਸੇ ਵਿਤਕਰੇ ਤੋਂ ਕਰਵਾਏ ਗਏ ਹਨ। ਸ਼੍ਰੀ ਗਾਬਾ ਨੇ ਕਿਹਾ ਕਿ ਨਗਰ ਸੁਧਾਰ ਟਰੱਸਟ ਸੰਗਰੂਰ ਵੱਲੋਂ ਹਰ ਕੰਮ ਕਰਵਾਉਣ ਮੌਕੇ ਪੰਜਾਬ ਸਰਕਾਰ ਦੇ ਨਿਯਮਾਂ ਦੀ ਇੰਨ-ਬਿੰਨ ਪਾਲਣਾ ਤੋਂ ਇਲਾਵਾ ਕੈਬਨਿਟ ਮੰਤਰੀ ਸ਼੍ਰੀ ਸਿੰਗਲਾ ਦੀਆਂ ਹਦਾਇਤਾਂ ’ਤੇ ਹਰ ਕੰਮ ਦੀ ਨਿਗਰਾਨੀ ਉਹ ਖ਼ੁਦ ਕਰਦੇ ਹਨ ਤਾਂ ਜੋ ਚਿਰਸਥਾਈ ਵਿਕਾਸ ਨੂੰ ਯਕੀਨੀ ਬਣਾਇਆ ਜਾ ਸਕੇ।
ਚੇਅਰਮੈਨ ਨਰੇਸ਼ ਗਾਬਾ ਨੇ ਕਿਹਾ ਕਿ ਟਰੱਸਟ ਵੱਲੋਂ ਵਿਕਾਸ ਕਾਰਜਾਂ ਲਈ ਹਰ ਟੈਂਡਰ ਲਗਾਉਣ ਮੌਕੇ ਪੂਰੀ ਕਾਨੂੰਨੀ ਪ੍ਰਕਿਰਿਆ ਦਾ ਪਾਲਣ ਕੀਤਾ ਜਾਂਦਾ ਹੈ ਅਤੇ ਕੰਮ ਪੂਰਾ ਹੋਣ ’ਤੇ ਹਰ ਠੇਕੇਦਾਰ ਨੂੰ ਫ਼ਾਈਨਲ ਅਦਾਇਗੀ ਚੀਫ਼ ਇੰਜੀਨੀਅਰ ਨਗਰ ਸੁਧਾਰ ਟਰੱਸਟ ਵੱਲੋਂ ਬਿੱਲ ਪਾਸ ਕਰਨ ਅਤੇ ਸਰਕਾਰ ਦੀਆਂ ਸ਼ਰਤਾਂ ਮੁਤਾਬਿਕ ਕੰਮ ਦੇ ਥਰਡ ਪਾਰਟੀ ਆਡਿਟ ਤੋਂ ਬਾਅਦ ਹੀ ਕੀਤੀ ਜਾਂਦੀ ਹੈ। ਉਨਾਂ ਦੱਸਿਆ ਕਿ ਨਗਰ ਸੁਧਾਰ ਟਰੱਸਟ ਵੱਲੋਂ ਕੋਈ ਵੀ ਕੰਮ ਪੂਰਾ ਹੋਣ ’ਤੇ ਕਿਸੇ ਵੀ ਠੇਕੇਦਾਰ ਨੂੰ ਇਕਦਮ ਪੂਰੀ ਅਦਾਇਗੀ ਨਹੀਂ ਕੀਤੀ ਜਾਂਦੀ ਸਗੋਂ ਨਿਰਧਾਰਤ ਸ਼ਰਤਾਂ ਤਹਿਤ ਲਾਗਤ ਦੀ 20 ਫੀਸਦ ਰਕਮ ਆਪਣੇ ਕੋਲ ਰਾਖਵੀਂ ਰੱਖੀ ਜਾਂਦੀ ਹੈ ਤਾਂ ਜੋ ਕੰਮ ਦੀ ਗੁਣਵੱਤਾ ਸਹੀ ਨਾ ਹੋਣ ਜਾਂ 2 ਸਾਲ ਅੰਦਰ ਕੰਮ ’ਚ ਕਿਸੇ ਸੁਧਾਰ ਲਈ ਠੇਕੇਦਾਰ ਨੂੰ ਤੁਰੰਤ ਪਾਬੰਦ ਕੀਤਾ ਜਾ ਸਕੇ।
ਸ਼੍ਰੀ ਗਾਬਾ ਨੇ ਕਿਹਾ ਕਿ ਕੁਝ ਲੋਕ ਨਿੱਜੀ ਮੁਫ਼ਾਦਾਂ ਲਈ ਨਗਰ ਸੁਧਾਰ ਟਰੱਸਟ ਵੱਲੋਂ ਕੀਤੇ ਗਏ ਕੰਮਾਂ ਦੀ ਨੁਕਤਾਚੀਨੀ ਕਰ ਰਹੇ ਪਰ ਉਹ ਸੰਗਰੂਰ ਵਾਸੀਆਂ ਨੂੰ ਵਿਸ਼ਵਾਸ ਦਵਾਉਣਾ ਚਾਹੁੰਦੇ ਹਨ ਕਿ ਸੰਗਰੂਰ ਸ਼ਹਿਰ ਉਨਾਂ ਦੇ ਪਰਿਵਾਰ ਵਾਂਗ ਹੈ ਅਤੇ ਸ਼ਹਿਰ ਦੇ ਹਰ ਵਰਗ ਦੇ ਵਿਕਾਸ ਲਈ ਉਹ ਵਚਨਬੱਧ ਹਨ। ਉਨਾਂ ਕਿਹਾ ਕਿ ਟਰੱਸਟ ਦੀ ਕਿਸੇ ਵੀ ਮੀਟਿੰਗ ’ਚ ਕਿਸੇ ਵੀ ਅਧਿਕਾਰੀ ਜਾਂ ਮੈਂਬਰ ਨੂੰ ਬੁਲਾਉਣਾ ਉਹ ਆਪਣੀ ਨਿੱਜੀ ਜ਼ਿੰਮੇਵਾਰੀ ਮੰਨਦੇ ਹਨ ਅਤੇ ਜਦੋਂ ਵੀ ਕਿਸੇ ਏਜੰਡੇ ’ਤੇ ਕੋਈ ਮੀਟਿੰਗ ਕੀਤੀ ਜਾਵੇਗੀ ਤਾਂ ਉਹ ਖੁਦ ਸਭ ਤੱਕ ਸੁਨੇਹਾ ਲਗਾਉਣਾ ਯਕੀਨੀ ਬਣਾਉਣਗੇ। ਉਨਾਂ ਸੰਗਰੂਰ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਸ਼ਹਿਰ ਵਿੱਚ ਕਰਵਾਏ ਗਏ ਹਰ ਕੰਮ ਲਈ ਉਹ ਜਵਾਬਦੇਹ ਹਨ ਅਤੇ ਕਿਸੇ ਕੰਮ ’ਚ ਕੋਈ ਵੀ ਅਣਗਹਿਲੀ ਸਾਹਮਣੇ ਆਉਣ ਦੀ ਸੂਰਤ ’ਚ ਉਹ ਆਪ ਉਸ ਲਈ ਜ਼ਿੰਮੇਵਾਰ ਠੇਕੇਦਾਰ ਜਾਂ ਅਧਿਕਾਰੀ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਅਮਲ ’ਚ ਲਿਆਉਣੀ ਯਕੀਨੀ ਬਣਾਉਣਗੇ।
Please Share This News By Pressing Whatsapp Button