ਬਾਗ਼ਬਾਨੀ ਵਿਭਾਗ ਵੱਲੋਂ ਖਪਤਕਾਰ ਤੱਕ ਬਾਗ਼ਬਾਨੀ ਫ਼ਸਲਾਂ ਪਹੁੰਚਾਉਣ ਲਈ ਮੋਬਾਇਲ ਵੈਡਿੰਗ ਈ ਕਾਰਟ ਦੀ ਵੰਡ
ਮਲੇਰਕੋਟਲਾ, 17 ਸਤੰਬਰ:
ਬਾਗ਼ਬਾਨੀ ਵਿਭਾਗ ਵੱਲੋਂ ਖੇਤ ਤੋਂ ਖਪਤਕਾਰ ਤੱਕ ਬਾਗ਼ਬਾਨੀ ਫ਼ਸਲਾਂ ਪਹੁੰਚਾਉਣ ਲਈ ਮੋਬਾਇਲ ਵੈਡਿੰਗ ਈ-ਕਾਰਟ (ਵਾਤਾਵਰਨ ਪੱਖੀ ਈ-ਰਿਕਸ਼ਾ) ਦੀ ਸ਼ੁਰੂਆਤ ਕੀਤੀ ਗਈ ਹੈ, ਅੱਜ ਡਿਪਟੀ ਕਮਿਸ਼ਨਰ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਕੌਮੀ ਬਾਗ਼ਬਾਨੀ ਮਿਸ਼ਨ ਅਤੇ ਆਜੀਵਿਕਾ ਮਿਸ਼ਨ ਤਹਿਤ ਉੱਦਮੀ ਔਰਤ ਨੂੰ ਮੋਬਾਇਲ ਵੈਡਿੰਗ ਕਾਰਟ ਦੀਆਂ ਚਾਬੀਆਂ ਦੇ ਕੇ ਰਵਾਨਾ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਪਿੰਡਾਂ ਦੀਆਂ ਔਰਤਾਂ ਨੂੰ ਸਵੈ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਸਵੈ ਰੋਜ਼ਗਾਰ ਸ਼ੁਰੂ ਕਰਨ ਵਾਲੀ ਉੱਦਮੀ ਔਰਤ ਨੂੰ ਮੋਬਾਇਲ ਵੈਡਿੰਗ ਈ-ਕਾਰਟ (ਵਾਤਾਵਰਨ ਪੱਖੀ ਤਿੰਨ ਪਹੀਆ ਵਾਹਨ) ਸਬਸਿਡੀ ‘ਤੇ ਮੁਹੱਈਆ ਕਰਵਾਈ ਗਈ ਹੈ ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰ ਵੱਲੋਂ ਬਾਗ਼ਬਾਨੀ ਫ਼ਸਲਾਂ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਆਪਣੀ ਬਾਗ਼ਬਾਨੀ ਫ਼ਸਲ ਸਿੱਧੇ ਵੇਚਣ ਦੀ ਸਹੂਲਤ ਦੇਣ ਲਈ ਵੈਡਿੰਗ ਈ-ਕਾਰਟ (ਈ-ਰਿਕਸ਼ਾ) ‘ਤੇ 1 ਲੱਖ ਰੁਪਏ ਤੱਕ ਦੀ ਸਬਸਿਡੀ ਦਿੱਤੀ ਜਾ ਰਹੀ ਹੈ। ਇਸ ਤਹਿਤ ਸ਼ਹਿਦ ਮੱਖੀ ਪਾਲਣ ਦਾ ਕੰਮ ਕਰਨ ਵਾਲੀ ਬੀ ਕੀਪਰ ਸ੍ਰੀਮਤੀ ਰਣਬੀਰ ਕੌਰ ਪਿੰਡ ਨਾਰੀਕੇ ਖ਼ੁਰਦ ਨੂੰ ਸ਼ਹਿਦ ਦੇ ਖ਼ੁਦ ਮੰਡੀਕਰਨ ਲਈ ਵੈਡਿੰਗ ਕਾਰਟ ਦਿੱਤੀ ਗਈ ।
ਇਸ ਮੌਕੇ ਬਾਗ਼ਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਡਾਕਟਰ ਹਰਦੀਪ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਬਾਗ਼ਬਾਨੀ ਫ਼ਸਲਾਂ ਦੀ ਕਾਸ਼ਤ ਕਰਨ ਵਾਲੀਆਂ ਔਰਤਾਂ ਲਈ ਮੰਡੀਕਰਨ ਦੀ ਸਹੂਲਤ ਲਈ ਸਬਸਿਡੀ ‘ਤੇ ਵੈਡਿੰਗ ਕਾਰਟ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ । ਉਨ੍ਹਾਂ ਦੱਸਿਆ ਕਿ 2.5 ਕੁਇੰਟਲ ਸਬਜ਼ੀਆਂ/ਫਲ਼ਾਂ ਦੀ ਸਮਰੱਥਾ ਵਾਲੀ ਮੋਬਾਇਲ ਵੈਡਿੰਗ ਕਾਰਟ ਇਕ ਵਾਰ ਚਾਰਜ ਕਰਨ ‘ਤੇ 80 ਕਿੱਲੋਮੀਟਰ ਸਫ਼ਰ ਤੈਅ ਕਰ ਸਕਦੀ ਹੈ।
ਇਸ ਮੌਕੇ ਡਾ. ਬਲਜੀਤ ਕੁਮਾਰ ਬਾਗ਼ਬਾਨੀ ਅਫ਼ਸਰ ਮਲੇਰਕੋਟਲਾ, ਸ੍ਰੀ ਅੰਮ੍ਰਿਤਪਾਲ ਸਿੰਘ ਬਾਗ਼ਬਾਨੀ ਸਬ ਇੰਸਪੈਕਟਰ, ਸ੍ਰੀ ਕੁਲਦੀਪ ਸਿੰਘ ਤੋ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ ।
Please Share This News By Pressing Whatsapp Button