ਖੇਤੀਬਾੜੀ ਵਿਭਾਗ ਵੱਲੋਂ ਪਿੰਡ ਅਜੀਮਾਬਾਦ ਵਿਖੇ ਕਿਸਾਨ ਜਾਗਰੂਕਤਾ ਕੈਂਪ ਦਾ ਆਯੋਜਨ
ਮਲੇਰਕੋਟਲਾ / ਅਹਿਮਦਗੜ੍ਹ 19 ਸਤੰਬਰ
ਮਿਸ਼ਨ ਤੰਦਰੁਸਤ ਪੰਜਾਬ ਤਹਿਤ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਿਛਲੇ ਦਿਨੀਂ ਜ਼ਿਲ੍ਹਾ ਮਲੇਰਕੋਟਲਾ ਦੇ ਬਲਾਕ ਅਹਿਮਦਗੜ੍ਹ ਦੇ ਪਿੰਡ ਅਜੀਮਾਬਾਦ (ਸੰਘੈਣ) ਵਿਖੇ ਪਰਾਲੀ ਦੀ ਸਾਂਭ-ਸੰਭਾਲ ਸਬੰਧੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਇਸ ਕੈਪ ਵਿੱਚ ਡਾਕਟਰ ਕੁਲਬੀਰ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਅਹਿਮਦਗੜ੍ਹ ਨੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਏ ਬਿਨਾਂ ਨਵੀਨਤਮ ਖੇਤੀ ਮਸ਼ੀਨਰੀ- ਸੁਪਰ ਸੀਡਰ, ਹੈਪੀ ਸੀਡਰ, ਚੌਪਰ, ਮਲਚਰ, ਉਲਟਾਵੇ ਹਲ ਆਦਿ ਵਰਤਦੇ ਹੋਏ ਖੇਤਾਂ ਵਿੱਚ ਹੀ ਸੰਭਾਲਣ ਦੇ ਮਹੱਤਵ ਸਬੰਧੀ ਜਾਣਕਾਰੀ ਦਿੱਤੀ।
ਡਾਕਟਰ ਕੁਲਬੀਰ ਸਿੰਘ ਨੇ ਕਿਹਾ ਕਿ ਫ਼ਸਲੀ ਰਹਿੰਦ-ਖੂੰਹਦ ਵੱਖ-ਵੱਖ ਖ਼ੁਰਾਕ ਤੱਤ ਜਿਵੇਂ ਨਾਈਟਰੋਜਨ, ਫਾਸਫੋਰਸ, ਪੁਟਾਸ਼, ਸਲਫ਼ਰ ਆਦਿ ਨਾਲ ਭਰਪੂਰ ਹੁੰਦੀ ਹੈ ਅਤੇ ਜੈਵਿਕ ਕਾਰਬਨ ਦਾ ਮਹੱਤਵ ਪੂਰਨ ਸਰੋਤ ਹੈ ਜੋ ਕਿ ਜ਼ਮੀਨ ਦੀ ਸਹੀ ਬਣਤਰ ਬਣਾਈ ਰੱਖਣ ਚ’ ਸਹਾਈ ਹੁੰਦਾ ਹੈ।ਉਨ੍ਹਾਂ ਇਸ ਮੌਕੇ ਹਾਜ਼ਰ ਕਿਸਾਨਾਂ ਨੂੰ ਕੁਦਰਤੀ ਸੋਮਿਆਂ ਦੀ ਸਹੀ ਸਾਂਭ-ਸੰਭਾਲ ਕਰਨ ਅਤੇ ਖੇਤੀ ਖਾਦਾਂ ਅਤੇ ਰਸਾਇਣਿਕ ਖਾਦਾਂ ਦੀ ਕੇਵਲ ਲੋੜ ਅਨੁਸਾਰ ਹੀ ਵਰਤੋਂ ਸਬੰਧੀ ਵੀ ਜਾਣਕਾਰੀ ਦਿੱਤੀ।
ਇਸ ਮੌਕੇ ਬਲਾਕ ਤਕਨਾਲੋਜੀ ਮੈਨੇਜਰ ਅਹਿਮਦਗੜ੍ਹ ਸ੍ਰੀ ਮੁਹੰਮਦ ਜਮੀਲ ਨੇ ਕਿਸਾਨਾਂ ਨੂੰ ਪਰਾਲੀ ਅਤੇ ਨਾੜ ਨੂੰ ਜਲਾ ਕੇ ਨਸ਼ਟ ਕਰਨ ਨਾਲ ਮਨੁੱਖੀ ਸਿਹਤ ਅਤੇ ਵਾਤਾਵਰਨ ਨੂੰ ਹੋਣ ਵਾਲੇ ਨੁਕਸਾਨਾਂ ਸਬੰਧੀ ਜਾਗਰੂਕ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਕਰਨ ਨਾਲ ਜ਼ਰੂਰੀ ਫ਼ਸਲੀ ਖ਼ੁਰਾਕ ਤੱਤ ਨਸ਼ਟ ਹੋ ਜਾਂਦੇ ਹਨ, ਮਿੱਤਰ-ਕੀੜੇ ਮਰ ਜਾਂਦੇ ਹਨ ਅਤੇ ਬਨਸਪਤੀ ਨੂੰ ਵੀ ਨੁਕਸਾਨ ਹੁੰਦਾ ਹੈ।ਉਹਨਾਂ ਕਿਸਾਨ ਭਰਾਵਾਂ ਨੂੰ ਜ਼ਿਆਦਾ ਤੋ ਜ਼ਿਆਦਾ ਰੁੱਖ ਲਗਾਉਣ ਦੀ ਵੀ ਅਪੀਲ ਕੀਤੀ।
ਇਸ ਮੌਕੇ ਕੈਂਪ ਸ੍ਰੀ ਮਨਦੀਪ ਸਿੰਘ.ਟੀ.ਐਮ ,ਸ੍ਰੀ ਬਲਵੀਰ ਸਿੰਘ, ਸ੍ਰੀ ਦਲਵੀਰ ਸਿੰਘ, ਸ੍ਰੀ ਬਸ਼ੀਰ ਖ਼ਾਨ, ਸ੍ਰੀ ਗੁਰਪ੍ਰੀਤ ਸਿੰਘ, ਸ੍ਰੀ ਰਣਧੀਰ ਸਿੰਘ, ਸ੍ਰੀ ਸਤਨਾਮ ਸਿੰਘ ਤੋਂ ਇਲਾਵਾ ਵਿਭਾਗ ਦੇ ਅਧਿਕਾਰੀ, ਕਰਮਚਾਰੀ ਅਤੇ ਹੋਰ ਕਿਸਾਨ ਵੀ ਮੌਜੂਦ ਸਨ ।
Please Share This News By Pressing Whatsapp Button