ਕੋਵਿਡ-19 ਤੋਂ ਪ੍ਰਭਾਵਿਤ ਪਰਿਵਾਰਾਂ ਨੂੰ ਰਾਜ ਸਰਕਾਰ ਦੀਆਂ ਫ਼ਲੈਗਸ਼ਿਪ ਸਕੀਮਾਂ ਦਾ ਸਮਾਂਬੱਧ ਢੰਗ ਨਾਲ ਲਾਭ ਮੁਹੱਈਆ ਕਰਵਾਇਆ ਜਾਵੇ- ਵਧੀਕ ਡਿਪਟੀ ਕਮਿਸ਼ਨਰ
ਸੰਗਰੂਰ, 20 ਸਤੰਬਰ:
ਕੋਵਿਡ-19 ਤੋਂ ਪ੍ਰਭਾਵਿਤ ਲੋਕਾਂ ਨੂੰ ਰਾਜ ਸਰਕਾਰ ਦੀਆ ਵੱਖ-ਵੱਖ ਫਲੈਗਸ਼ਿਪ ਸਕੀਮਾਂ ਦਾ ਲਾਭ ਦੇਣ ਲਈ ਪਹਿਲਕਦਮੀ ਨਾਲ ਪ੍ਰਕਿਰਿਆ ਮੁਕੰਮਲ ਕੀਤੀ ਜਾਵੇ, ਤਾਂ ਜੋ ਕੋਈ ਵੀ ਲਾਭਪਾਤਰੀ ਰਾਜ ਸਰਕਾਰ ਵੱਲੋਂ ਮੁਹੱਈਆ ਕਰਵਾਈਆ ਜਾ ਰਹੀਆਂ ਸੁਵਿਧਾਵਾਂ ਤੋਂ ਵਾਂਝਾਂ ਨਾ ਰਹੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਅਨਮੋਲ ਸਿੰਘ ਧਾਲੀਵਾਲ ਨੇ ਅੱਜ ਆਪਣੇ ਦਫ਼ਤਰ ਵਿਖੇ ਸੱਦੀ ਵਿਸੇਸ ਮੀਟਿੰਗ ਦੌਰਾਨ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕਰਦਿਆਂ ਕਿਹਾ।
ਸ੍ਰੀ ਧਾਲੀਵਾਲ ਨੇ ਸਿਵਲ ਸਰਜਨ ਡਾ. ਅੰਜਨਾ ਗੁਪਤਾ ਨੂੰ ਕੋਵਿਡ-19 ਤੋਂ ਪ੍ਰਭਾਵਿਤ ਪਰਿਵਾਰਾਂ ਨੂੰ ਸਿਹਤ ਬੀਮਾ ਸਕੀਮ ਦਾ ਲਾਭ, ਮੌਤ ਸਰਟੀਫਿਕੇਟ ਆਦਿ ਨੂੰ ਸਮਾਂਬੱਧ ਢੰਗ ਨਾਲ ਨਜਿੱਠਣ ਦੀ ਹਦਾਇਤ ਕੀਤੀ। ਉਨ੍ਹਾਂ ਸਿੱਖਿਆ ਵਿਭਾਗ ਤੋਂ ਆਏ ਅਧਿਕਾਰੀਆਂ ਨੂੰ 12ਵੀਂ ਕਲਾਸ ਤੱਕ ਮੁਫ਼ਤ ਸਿੱਖਿਆ ਮੁਹੱਈਆ ਕਰਵਾਉਣ ਬਾਰੇ ਜਾਣਕਾਰੀ ਲੈਂਦਿਆਂ ਅਜਿਹੇ ਕੇਸਾਂ ਵਾਲੇ ਬੱਚਿਆ ਨਾਲ ਨਿੱਜੀ ਤੌਰ ’ਤੇ ਰਾਬਤਾ ਕਰਨ ਲਈ ਕਿਹਾ, ਤਾਂ ਜੋ ਬੱਚਿਆ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਵੇ। ਉਨ੍ਹਾਂ ਜ਼ਿਲ੍ਹਾ ਭਲਾਈ ਅਫ਼ਸਰ ਗੁਰਿੰਦਰਜੀਤ ਸਿੰਘ ਧਾਲੀਵਾਲ ਨੰੂ ਕਿਹਾ ਕਿ ਇਹ ਸੁਨਿਸ਼ਚਿਤ ਕਰ ਲਿਆ ਜਾਵੇ ਕਿ ਕੋਵਿਡ-19 ਤੋਂ ਪ੍ਰਭਾਵਿਤ ਲੜਕੀਆਂ ਨੂੰ ਸ਼ਗਨ ਸਕੀਮ ਦਾ ਲਾਭ ਮਿਲ ਗਿਆ ਹੈ।
ਸ੍ਰੀ ਧਾਲੀਵਾਲ ਨੇ ਇਸ ਤੋਂ ਇਲਾਵਾ ਕੋਵਿਡ ਕਾਰਣ ਪ੍ਰਭਾਵਿਤ ਲੋਕਾਂ ਨੂੰ ਮੁਹੱਈਆ ਕਰਵਾਏ ਜਾਣ ਵਾਲੇ ਸਮਾਰਟ ਰਾਸ਼ਨ ਕਾਰਡ, ਨਾਨ ਬੀ.ਪੀ.ਐਲ ਪਰਿਵਾਰਾਂ ਦੇ ਬਕਾਇਆ ਕੇਸਾਂ, ਰੁਜ਼ਗਾਰ ਦੇਣ ਸਬੰਧੀ ਪੋਰਟਲ ਤੇ ਰਜਿਸਟਰ ਕਰਵਾਉਣ ਅਤੇ ਕਾਊਸਲਿੰਗ ਆਦਿ ਬਾਰੇ ਵਿਸਥਾਰ ਸਹਿਤ ਜਾਣਕਾਰੀ ਲਈ। ਉਨ੍ਹਾਂ ਰਾਜ ਸਰਕਾਰ ਦੀਆਂ ਫਲੈਗਸ਼ਿਪ ਸਕੀਮਾਂ ਲਈ ਜ਼ਿਲ੍ਹਾ ਪੱਧਰ ’ਤੇ ਨਿਯੁਕਤ ਬਤੌਰ ਨੋਡਲ ਅਫਸ਼ਰ ਲਵਲੀਨ ਕੌਰ ਵੜਿੰਗ ਨੂੰ ਸਮੂਹ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਬਕਾਇਆ ਕੇਸਾਂ ਨੂੰ ਪਾਰਦਰਸ਼ੀ ਢੰਗ ਨਾਲ ਰਾਜ ਸਰਕਾਰ ਦੀਆਂ ਸਕੀਮਾਂ ਦਾ ਲਾਭ ਪੁੱਜਦਾ ਕਰਨ ਦੇ ਆਦੇਸ਼ ਜਾਰੀ ਕੀਤੇ।
ਇਸ ਮੌਕੇ ਡਾ. ਪਰਮਿੰਦਰ ਕੌਰ ਡਿਪਟੀ ਮੈਡੀਕਲ ਕਮਿਸ਼ਨਰ, ਰਮੇਸ਼ ਕੁਮਾਰ ਕਾਰਜ ਸਾਧਕ ਅਫ਼ਸਰ ਸੰਗਰੂਰ, ਗਗਨਦੀਪ ਸਿੰਘ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਧਰਮਪਾਲ ਸਿੰਗਲਾ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ, ਸਤਵੀਰ ਸਿੰਘ ਡੀ.ਐਫ.ਐਸ.ਸੀ , ਨਵਰੀਤ ਕੌਰ ਤੂਰ ਜ਼ਿਲ੍ਹਾ ਬਾਲ ਭਲਾਈ ਅਫ਼ਸਰ, ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।
Please Share This News By Pressing Whatsapp Button