ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਰਾਲੀ ਦੀ ਸਾਂਭ-ਸੰਭਾਲ ਲਈ ‘ਆਈ ਖੇਤ’ ਐਪ ਜਾਰੀ
ਸੰਗਰੂਰ, 22 ਸਤੰਬਰ:
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਦੀ ਖੇਤੀ ਮਸ਼ੀਨਰੀ ਦੀ ਜ਼ਰੂਰਤ ਪੂਰੀ ਕਰਨ ਲਈ ‘ਆਈ ਖੇਤ’ ਐਪ ਜਾਰੀ ਕੀਤੀ ਗਈ ਹੈ। ਇਸ ਐਪ ਬਾਰੇ ਵਿਸਥਾਰ ’ਚ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਸੰਗਰੂਰ ਡਾ. ਜਸਵਿੰਦਰਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਵਿਭਾਗ ਵੱਲੋਂ ਇਹ ਐਪ ਪਲੇਅ ਸਟੋਰ ’ਤੇ ‘ਆਈ ਖੇਤ’ ਦੇ ਨਾਮ ’ਤੇ ਜਾਰੀ ਕੀਤੀ ਗਈ ਹੈ, ਜਿਸ ਦਾ ਮੁੱਖ ਮਕਸਦ ਪਰਾਲੀ ਦੀ ਸਾਂਭ-ਸੰਭਾਲ ਕਰਨ ਲਈ ਕਿਸਾਨਾਂ ਨੂੰ ਸਮੇਂ ਸਿਰ ਮਸ਼ੀਨ ਉਪਲਬਧ ਕਰਵਾਉਣਾ ਹੈ।
ਉਨ੍ਹਾਂ ਦੱਸਿਆ ਕਿ ਜੋ ਕਿਸਾਨ ਸੁਪਰ ਸੀਡਰ, ਹੈਪੀ ਸੀਡਰ, ਮਲਚਰ, ਆਰ.ਐਮ.ਬੀ ਪਲਾੳ, ਪੈਡੀ ਸਟਰਾਅ ਚੋਪਰ ਸਰੈਡਰ, ਬੇਲਰ ਅਤੇ ਰੇਕਰ ਜਿਹੀਆਂ ਨਵੀਂ ਤਕਨੀਕੀ ਮਸ਼ੀਨਾਂ ਦੀ ਖ਼ਰੀਦ ਨਹੀਂ ਕਰ ਸਕਦੇ। ਉਹ ਇਸ ਐਪ ਦੀ ਸਹਾਇਤਾ ਨਾਲ ਆਪਣੇ ਨਜ਼ਦੀਕ ਪੈਂਦੇ ਨਿੱਜੀ ਕਿਸਾਨ, ਕਿਸਾਨ ਗਰੁੱਪ, ਸਹਿਕਾਰੀ ਸਭਾਵਾਂ ਕੋਲ ਕਿਹੜੀ ਮਸ਼ੀਨਰੀ ਉਪਲਬਧ ਹੈ ਇਸ ਬਾਰੇ ਪਤਾ ਕਰ ਸਕਦੇ ਹਨ ਅਤੇ ਕਿਰਾਏ ’ਤੇ ਚਲਾਉਣ ਲਈ ਉਨ੍ਹਾਂ ਨਾਲ ਤਾਲਮੇਲ ਕਰ ਸਕਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਕਿਸੇ ਵੀ ਕਿਸਾਨ ਕੋਲ ਜੇਕਰ ਕੋਈ ਆਪਣੀ ਮਸ਼ੀਨਰੀ ਹੈ ਤਾਂ ਉਹ ਇਸ ਐਪ ਤੇ ਰਜਿਸਟਰਡ ਕਰਕੇ ਮਸ਼ੀਨ ਕਿਰਾਏ ’ਤੇ ਦੇ ਸਕਦਾ ਹੈ। ਇਸ ਤਰ੍ਹਾਂ ਕਰਕੇ ਕਿਸਾਨ ਆਪਣੀ ਆਮਦਨ ਦਾ ਇੱਕ ਹੋਰ ਨਵਾਂ ਤਰੀਕਾ ਵਰਤ ਕੇ ਵਧੀਆਂ ਮੁਨਾਫ਼ਾ ਪਾ ਸਕਦੇ ਹਨ।
ਉਨ੍ਹਾਂ ਕਿਸਾਨਾਂ ਨੂੰ ਵਿਭਾਗ ਵੱਲੋਂ ਜਾਰੀ ਕੀਤੀ ਗਈ ਇਸ ਐਪ ਦੀ ਵਰਤੋਂ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਕਿਸਾਨ ਇਸਦਾ ਲਾਹਾ ਲੈਕੇ ਪੰਜਾਬ ਦੀ ਕਿਸਾਨੀ ਨੂੰ ਇੱਕ ਨਵੀਂ ਸਿਖ਼ਰ ’ਤੇ ਲਿਜਾ ਸਕਦੇ ਹਨ, ਜਿਸ ਦਾ ਲਾਭ ਆਉਣ ਵਾਲੀਆਂ ਪੀੜੀਆਂ ਨੂੰ ਵੀ ਹੋਵੇਗਾ।
Please Share This News By Pressing Whatsapp Button