ਕ੍ਰਿਸ਼ੀ ਵਿਗਿਆਨ ਕੇਂਦਰ ਨੇ ਵਰਚੂਅਲ ਕਿਸਾਨ ਮੇਲਾ ਕਰਵਾਇਆ
ਪਟਿਆਲਾ, 22 ਸਤੰਬਰ:(ਬਲਵਿੰਦਰ ਪਾਲ)
ਕਿ੍ਸ਼ੀ ਵਿਗਿਆਨ ਕੇਂਦਰ ਵਿਖੇ ਅੱਜ ਵਰਚੂਅਲ ਕਿਸਾਨ ਮੇਲਾ ਕਰਵਾਇਆ ਗਿਆ, ਜਿਸ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਪਦਮਸ਼੍ਰੀ ਡਾ. ਬਲਦੇਵ ਸਿੰਘ ਢਿੱਲੋਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ।
ਇਸ ਮੌਕੇ ਡਾ. ਢਿੱਲੋਂ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਹਰ ਤਕਨਾਲੋਜੀ ਦੀ ਪਰਖ ਕਿਸਾਨਾਂ ਕੋਲ ਪਹੁੰਚ ਕੇ ਹੁੰਦੀ ਹੈ ਇਸ ਲਈ ਕਿਸਾਨਾਂ ਨੂੰ ਖੁੱਲ ਕੇ ਹਰ ਤਕਨਾਲੋਜੀ ਦੀ ਵਰਤੋਂ ਕਰਨੀ ਅਤੇ ਆਪਣੀ ਰਾਏ ਦੇਣੀ ਚਾਹੀਦੀ ਹੈ । ਉਹਨਾਂ ਕਿਹਾ ਕਿ ਪਰਾਲੀ ਦੀ ਸੰਭਾਲ ਅੱਜ ਦਾ ਸਭ ਤੋਂ ਚੁਣੌਤੀ ਪੂਰਨ ਕੰਮ ਹੈ। ਸਾਨੂੰ ਇਹ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਪਰਾਲੀ ਨੂੰ ਅੱਗ ਲਗਾਉਣ ਕਾਰਨ ਜੋ ਸਿਹਤ ਸੰਬੰਧੀ ਸਮੱਸਿਆਵਾਂ ਆਈਆਂ ਹਨ ਉਹਨਾਂ ਨਾਲ ਦਵਾਈਆਂ ਅਤੇ ਹੋਰ ਖ਼ਰਚਿਆਂ ਵਿੱਚ ਕਿੰਨਾ ਵਾਧਾ ਹੋਇਆ ਹੈ ।
ਡਾ. ਢਿੱਲੋਂ ਨੇ ਕਿਹਾ ਕਿ ਹੁਣ ਪਰਾਲੀ ਦੀ ਸੰਭਾਲ ਲਈ ਢੁਕਵੀਂ ਮਸ਼ੀਨਰੀ ਮੌਜੂਦ ਹੈ ਸਿਰਫ਼ ਸਮਾਜਿਕ ਜਾਗਰੂਕਤਾ ਦਾ ਪਸਾਰ ਕਰਨ ਦੀ ਲੋੜ ਹੈ । ਡਾ. ਢਿੱਲੋਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਚਾਹੇ ਕੋਈ ਵੀ ਤਰੀਕਾ ਵਰਤਿਆ ਜਾਵੇ ਪਰ ਪਰਾਲੀ ਦੀ ਸੰਭਾਲ ਲਈ ਜ਼ਰੂਰ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ । ਉਹਨਾਂ ਪੀ.ਏ.ਯੂ. ਵੱਲੋਂ ਹੈਪੀਸੀਡਰ ਨਾਲ ਬਿਜਾਈ ਲਈ ਢੁਕਵੀਂ ਕਿਸਮ ਦੇ ਵਿਕਾਸ ਉੱਪਰ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਨਿਸ਼ ਖੇਤਰਾਂ ਅਨੁਸਾਰ ਫ਼ਸਲੀ ਕਿਸਮਾਂ ਦੀ ਖੋਜ ਨੂੰ ਹੋਰ ਗਤੀ ਦੇਣੀ ਚਾਹੀਦੀ ਹੈ।
ਸਹਾਇਕ ਧੰਦਿਆਂ ਤੋਂ ਆਮਦਨ ਵਧਾਉਣ ਬਾਰੇ ਡਾ. ਢਿੱਲੋਂ ਨੇ ਵਿਸ਼ੇਸ਼ ਜ਼ੋਰ ਦਿੱਤਾ।
ਉਹਨਾਂ ਕਿਹਾ ਪੰਜਾਬ ਦੀ 9 ਪ੍ਰਤੀਸ਼ਤ ਖੇਤੀ ਆਮਦਨ ਸਹਾਇਕ ਧੰਦਿਆਂ ਤੋਂ ਹੀ ਹੈ ਜਦਕਿ ਇਹੀ ਦਰ ਰਾਸ਼ਟਰੀ ਪੱਧਰ ਤੇ 41 ਪ੍ਰਤੀਸ਼ਤ ਹੈ ਇਸ ਲਈ ਸਹਾਇਕ ਧੰਦਿਆਂ ਦੇ ਨਾਲ-ਨਾਲ ਪ੍ਰੋਸੈਸਿੰਗ ਯੂਨਿਟਾਂ ਅਤੇ ਮੁੱਲ ਵਾਧੇ ਦੀਆਂ ਸਿਖਲਾਈਆਂ ਆਮ ਕਿਸਾਨਾਂ ਤੱਕ ਪਹੁੰਚਣੀਆਂ ਲਾਜ਼ਮੀ ਹਨ । ਡਾ. ਢਿੱਲੋਂ ਨੇ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਮਸ਼ੀਨਰੀ ਦੀ ਵਰਤੋਂ ਸਵੈ-ਸੇਵੀ ਸਮੂਹ ਬਣਾ ਕੇ ਕਰਨ ਦੇ ਰਸਤੇ ਤੁਰਨ। ਉਹਨਾਂ ਕਿਹਾ ਕਿ ਇਸ ਸਮੇਂ ਮੱਕੀ ਵਿੱਚ ਫਾਲ ਆਰਮੀਵਰਮ ਅਤੇ ਨਰਮੇ ਉੱਪਰ ਪਿੰਕ ਆਰਮੀਵਰਮ ਵੱਡੀਆਂ ਖੇਤੀ ਚੁਣੌਤੀਆਂ ਵਜੋਂ ਸਾਹਮਣੇ ਆ ਰਹੇ ਹਨ । ਕਿਸਾਨਾਂ ਨੂੰ ਇਹਨਾਂ ਦਾ ਟਾਕਰਾ ਕਰਨ ਲਈ ਯੂਨੀਵਰਸਿਟੀ ਅਤੇ ਖੇਤੀਬਾੜੀ ਵਿਭਾਗ ਦੇ ਪਸਾਰ ਕਰਮੀਆਂ ਨਾਲ ਸਹਿਯੋਗ ਸਥਾਪਿਤ ਕਰਨ ਦੀ ਜ਼ਰੂਰਤ ਹੈ। ਉਹਨਾਂ ਜ਼ਿਕਰ ਕੀਤਾ ਕਿ ਕਿਸਾਨਾਂ ਦੇ ਸਹਿਯੋਗ ਨਾਲ ਹੀ ਪੀ.ਏ.ਯੂ. ਦੀ ਰੈਂਕਿੰਗ ਸ੍ਰੇਸ਼ਟ ਰਹੀ ਹੈ ।
ਪਾਣੀ ਨੂੰ ਬੇਹੱਦ ਅਹਿਮ ਕੁਦਰਤੀ ਸਰੋਤ ਕਹਿੰਦਿਆਂ ਡਾ. ਢਿੱਲੋਂ ਨੇ ਇਸ ਦੀ ਸੰਭਾਲ ਲਈ ਵਿਸ਼ੇਸ਼ ਕੋਸ਼ਿਸ਼ਾਂ ਕਰਨ ਦੀ ਲੋੜ ਤੇ ਜ਼ੋਰ ਦਿੱਤਾ । ਉਹਨਾਂ ਕਿਹਾ ਕਿ ਖੇਤੀ ਰਸਾਇਣਾਂ, ਕੀਟ ਨਾਸ਼ਕਾਂ ਅਤੇ ਖਾਦਾਂ ਦੀ ਲੋੜ ਤੋਂ ਵੱਧ ਵਰਤੋਂ ਦਾ ਮਿਹਣਾ ਪੰਜਾਬੀ ਕਿਸਾਨਾਂ ਨੇ ਧੋ ਦਿੱਤਾ ਹੈ । ਹੁਣ ਪਰਾਲੀ ਅਤੇ ਪਾਣੀ ਦੀ ਸੰਭਾਲ ਦੇ ਰਸਤੇ ਤੁਰਨ ਦੀ ਲੋੜ ਹੈ । ਕੋਵਿਡ ਦੀਆਂ ਚੁਣੌਤੀਆਂ ਤੋਂ ਪਾਰ ਪਾਉਣ ਲਈ ਡਾ. ਢਿੱਲੋਂ ਨੇ ਪੀ.ਏ.ਯੂ. ਦੇ ਖੋਜ ਅਤੇ ਪਸਾਰ ਕਰਮੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ।
ਪੀ.ਏ.ਯੂ. ਦੇ ਵਾਈਸ ਚਾਂਸਲਰ ਅਤੇ ਵਧੀਕ ਮੁੱਖ ਸਕੱਤਰ ਵਿਕਾਸ ਸ੍ਰੀ ਅਨਿਰੁਧ ਤਿਵਾੜੀ ਨੇ ਡਾ. ਬਲਦੇਵ ਸਿੰਘ ਢਿੱਲੋਂ ਦਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਤੇ ਧੰਨਵਾਦ ਕੀਤਾ । ਉਹਨਾਂ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਪੰਜਾਬ ਦੀ ਖੇਤੀ ਨੂੰ ਵਿਕਾਸ ਵੱਲ ਲੈ ਜਾਣ ਵਿੱਚ ਪੀ.ਏ.ਯੂ. ਦਾ ਅਮਿੱਟ ਯੋਗਦਾਨ ਹੈ ਅਤੇ ਇਸ ਕਾਰਜ ਲਈ ਕਿਸਾਨ ਮੇਲਿਆਂ ਨੇ ਬੇਹੱਦ ਭਰਵਾਂ ਸਹਿਯੋਗ ਦਿੱਤਾ ਹੈ। ਉਹਨਾਂ ਕਿਹਾ ਕਿ ਕੋਵਿਡ ਦੀ ਮਹਾਂਮਾਰੀ ਕਾਰਨ ਇਹ ਮੇਲੇ ਪੀ.ਏ.ਯੂ. ਨੇ ਵਰਚੂਅਲ ਰੂਪ ਵਿੱਚ ਲਾਉਣੇ ਸ਼ੁਰੂ ਕੀਤੇ ਹਨ । ਸਾਡੀ ਦੇਖਾਂ ਦੇਖੀ ਹੋਰ ਯੂਨੀਵਰਸਿਟੀਆਂ ਨੇ ਵੀ ਇਹੀ ਤਰੀਕਾ ਅਪਣਾ ਲਿਆ ਹੈ । ਖੇਤੀ ਕਾਰਜਾਂ ਬਾਰੇ ਗੱਲ ਕਰਦਿਆਂ ਸ੍ਰੀ ਤਿਵਾੜੀ ਨੇ ਕਿਹਾ ਕਿ ਖੇਤੀ ਦੇ ਕੰਮ ਮੁਲਤਵੀ ਨਹੀਂ ਕੀਤੇ ਜਾ ਸਕਦੇ ਇਸ ਲਈ ਇਹ ਮੇਲੇ ਕਿਸਾਨਾਂ ਤੱਕ ਗੱਲ ਪਹੁੰਚਾਉਣ ਦਾ ਵਰਤਮਾਨ ਤਰੀਕਾ ਬਣੇ ਹਨ ਅਤੇ ਇਹਨਾਂ ਰਾਹੀਂ ਲੱਖਾਂ ਕਿਸਾਨਾਂ ਤੱਕ ਪੀ.ਏ.ਯੂ. ਦੀ ਗੱਲ ਪਹੁੰਚ ਸਕੀ ਹੈ। ਸ੍ਰੀ ਤਿਵਾੜੀ ਨੇ ਕਿਹਾ ਕਿ ਕਿਸਾਨ ਦੀ ਕਾਮਯਾਬੀ ਹੀ ਪੰਜਾਬ ਦੀ ਖ਼ੁਸ਼ਹਾਲੀ ਬਣੇਗੀ। ਉਹਨਾਂ ਫ਼ਸਲੀ ਵਿਭਿੰਨਤਾ ਲਈ ਲੰਮੀ ਯੋਜਨਾਬੰਦੀ ਵੱਲ ਸੰਕੇਤ ਕਰਦਿਆਂ ਕਿਹਾ ਕਿ ਭੂਗੋਲਿਕ ਸਥਿਤੀਆਂ ਅਤੇ ਜ਼ਮੀਨ ਦੀਆਂ ਹਾਲਤਾਂ ਅਨੁਸਾਰ ਫ਼ਸਲਾਂ ਦੀਆਂ ਕਿਸਮਾਂ ਦੀ ਖੋਜ ਸਰਕਾਰ ਦਾ ਮੁੱਖ ਉਦੇਸ਼ ਹੈ । ਉਹਨਾਂ ਨੇ ਪਾਣੀ ਨੂੰ ਬਚਾਉਣ ਲਈ ਹਰ ਸੰਭਵ ਯਤਨ ਕਰਨ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ।
ਪਰਾਲੀ ਦੀ ਸੰਭਾਲ ਦੀ ਨਵੀਨ ਮਸ਼ੀਨਰੀ ਬਾਰੇ ਗੱਲ ਕਰਦਿਆਂ ਸ੍ਰੀ ਤਿਵਾੜੀ ਨੇ ਕਿਹਾ ਕਿ ਕਿਸਾਨਾਂ ਲਈ ਸਮਾਰਟ ਸੀਡਰ ਨਾਂ ਦੀ ਨਵੀਂ ਮਸ਼ੀਨ ਜਾਰੀ ਕੀਤੀ ਜਾ ਰਹੀ ਹੈ । ਇਸ ਤੋਂ ਇਲਾਵਾ ਪਰਾਲੀ ਦੀ ਸੰਭਾਲ ਲਈ ਗੈਸ ਬਣਾਉਣ ਵਾਲੇ ਪਲਾਂਟ ਵੀ ਲਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਮਹਾਂਮਾਰੀ ਦੇ ਦੌਰ ਵਿੱਚ ਮਨੁੱਖੀ ਫੇਫੜਿਆਂ ਨੂੰ ਧੂੰਏਂ ਰਾਹੀਂ ਕਮਜ਼ੋਰ ਕਰਨ ਦਾ ਖਤਰਾ ਮੁੱਲ ਨਹੀਂ ਲਿਆ ਜਾ ਸਕਦਾ । ਉਹਨਾਂ ਕਿਹਾ ਕਿ ਆਉਂਦੀਆਂ ਪੀੜੀਆਂ ਲਈ ਸ਼ੁੱਧ ਹਵਾ ਅਤੇ ਪਾਣੀ ਵਿਰਾਸਤ ਵਜੋਂ ਛੱਡਣਾ ਸਾਡਾ ਫ਼ਰਜ਼ ਹੈ। ਸ੍ਰੀ ਤਿਵਾੜੀ ਨੇ ਕਿਹਾ ਕਿ ਬਾਸਮਤੀ ਵਿੱਚ ਪੀ.ਏ.ਯੂ. ਦੀਆਂ ਸਿਫ਼ਾਰਸ਼ਾਂ ਅਨੁਸਾਰ ਹੀ ਰਸਾਇਣਾਂ ਦਾ ਛਿੜਕਾਅ ਕਰਨਾ ਚਾਹੀਦਾ ਹੈ ਤਾਂ ਜੋ ਫ਼ਸਲ ਵਿੱਚ ਰਸਾਇਣਿਕ ਰਹਿੰਦ-ਖੂੰਹਦ ਦੀ ਮਾਤਰਾ ਘਟਾਈ ਜਾ ਸਕੇ।
ਇਸ ਮੌਕੇ ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਨੇ ਖੋਜ ਗਤੀਵਿਧੀਆਂ ਬਾਰੇ ਗੱਲ ਕੀਤੀ । ਉਹਨਾਂ ਦੱਸਿਆ ਕਿ ਪੀ.ਏ.ਯੂ. ਨੇ ਹੁਣ ਤੱਕ 900 ਤੋਂ ਵਧੇਰੇ ਕਿਸਮਾਂ ਦਾ ਵਿਕਾਸ ਕੀਤਾ ਹੈ ਜਿਨ੍ਹਾਂ ਵਿੱਚੋਂ 200 ਤੋਂ ਵਧੇਰੇ ਰਾਸ਼ਟਰੀ ਪੱਧਰ ਤੇ ਕਾਸ਼ਤ ਲਈ ਜਾਰੀ ਹੋਈਆਂ ਹਨ। ਉਹਨਾਂ ਨੇ ਨਵੀਂਆਂ ਕਿਸਮਾਂ, ਉਤਪਾਦਨ ਅਤੇ ਪੌਦ ਸੁਰੱਖਿਆ ਤਕਨੀਕਾਂ ਦੇ ਨਾਲ-ਨਾਲ ਮਸ਼ੀਨਰੀ ਸੰਬੰਧੀ ਨਵੀਂਆਂ ਸਿਫ਼ਾਰਸ਼ਾਂ ਦੱਸੀਆਂ । ਕਣਕ ਦੀਆਂ ਨਵੀਂਆਂ ਕਿਸਮਾਂ ਪੀ.ਬੀ.ਡਬਲਯੂ-869, ਪੀ.ਬੀ.ਡਬਲਯੂ-824 ਅਤੇ ਬਰਸੀਮ ਦੀ ਨਵੀਂ ਕਿਸਮ ਬੀ ਐੱਲ-44 ਦੇ ਨਾਲ ਜਵੀ ਦੀ ਨਵੀਂ ਕਿਸਮ ਓ ਐੱਲ-15 ਅਤੇ ਚਾਰੇ ਵਾਲੀਆਂ ਕਿਸਮਾਂ ਦਾ ਜ਼ਿਕਰ ਕੀਤਾ । ਇਸ ਤੋਂ ਇਲਾਵਾ ਉਹਨਾਂ ਨੇ ਸਬਜ਼ੀਆਂ ਵਿੱਚ ਗਾਜਰਾਂ ਦੀਆਂ ਨਵੀਂਆਂ ਕਿਸਮਾਂ, ਖਰਬੂਜ਼ੇ ਵਿੱਚ ਪੰਜਾਬ ਸਾਰਦਾ ਅਤੇ ਖੀਰੇ ਦੀ ਨਵੀਂ ਕਿਸਮ ਪੀ ਕੇ ਐੱਚ-11 ਦਾ ਜ਼ਿਕਰ ਕੀਤਾ। ਇਸ ਤੋਂ ਬਿਨਾਂ ਪੰਜਾਬ ਡੇਕ-1 ਅਤੇ ਪੰਜਾਬ ਡੇਕ-2 ਦਾ ਜ਼ਿਕਰ ਖੇਤੀ ਜੰਗਲਾਤ ਦੇ ਪੱਖ ਤੋਂ ਕੀਤਾ ਗਿਆ । ਖੇਤੀ ਮਸ਼ੀਨਰੀ ਵਿੱਚ ਡਾ. ਬੈਂਸ ਨੇ ਪੀ.ਏ.ਯੂ. ਸਮਾਰਟ ਸੀਡਰ ਦੀ ਸਿਫ਼ਾਰਸ਼ ਸਾਹਮਣੇ ਲਿਆਂਦੀ ਜੋ ਪਰਾਲੀ ਦਾ ਕੁਝ ਹਿੱਸਾ ਜ਼ਮੀਨ ਵਿੱਚ ਵਾਹੁੰਦਾ ਹੈ ਅਤੇ ਬਾਕੀ ਪਰਾਲੀ ਨੂੰ ਮਲਚ ਦੇ ਤੌਰ ਤੇ ਵਿਛਾ ਦਿੰਦਾ ਹੈ । ਉਤਪਾਦਨ ਤਕਨੀਕਾਂ ਵਿੱਚ ਉਹਨਾਂ ਨੇ ਛੋਲਿਆਂ ਦੇ ਦਾਣਿਆਂ ਵਿੱਚ ਜ਼ਿੰਕ ਦਾ ਵਾਧਾ ਆਦਿ ਬਾਰੇ ਸਿਫ਼ਾਰਸ਼ਾਂ ਸਾਹਮਣੇ ਲਿਆਂਦੀਆਂ । ਇਸੇ ਤਰਾਂ ਡਾ. ਬੈਂਸ ਨੇ ਪੌਦ ਸੁਰੱਖਿਆ ਤਕਨੀਕਾਂ ਸੰਬੰਧੀ ਨਵੀਂਆਂ ਸਿਫ਼ਾਰਸ਼ਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਮੇਲੇ ਦੇ ਆਰੰਭ ਵਿੱਚ ਪੀ.ਏ.ਯੂ. ਦੇ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜੀ ਪੀ ਐੱਸ ਸੋਢੀ ਨੇ ਮੁੱਖ ਮਹਿਮਾਨ, ਮਾਹਿਰਾਂ ਅਤੇ ਕਿਸਾਨਾਂ ਦਾ ਸਵਾਗਤ ਕੀਤਾ। ਉਹਨਾਂ ਨੇ ਵਿਸਥਾਰ ਨਾਲ ਮੇਲਿਆਂ ਦੀ ਰੂਪਰੇਖਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਭਾਵੇਂ ਕੋਵਿਡ ਕਾਰਨ ਇਹ ਮੇਲੇ ਵਰਚੂਅਲ ਲੱਗ ਰਹੇ ਹਨ ਪਰ ਲੱਖਾਂ ਕਿਸਾਨਾਂ ਨੇ ਇਹਨਾਂ ਮੇਲਿਆਂ ਨਾਲ ਜੁੜ ਕੇ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਉੱਪਰ ਭਰੋਸਾ ਪ੍ਰਗਟਾਇਆ ਹੈ। ਉਹਨਾਂ ਆਸ ਪ੍ਰਗਟਾਈ ਕਿ ਹਾੜੀ ਦੀਆਂ ਫ਼ਸਲਾਂ ਲਈ ਇਹਨਾਂ ਮੇਲਿਆਂ ਤੋਂ ਅਗਵਾਈ ਲੈ ਕੇ ਕਿਸਾਨ ਆਪਣੀ ਖੇਤੀ ਨੂੰ ਅਗਾਂਹਵਧੂ ਦਿਸ਼ਾ ਵੱਲ ਤੋਰਨਗੇ। ਅੰਤ ਵਿੱਚ ਕਿ੍ਰਸ਼ੀ ਵਿਗਿਆਨ ਕੇਂਦਰ ਰੌਣੀ ਦੇ ਨਿਰਦੇਸ਼ਕ ਡਾ. ਵਿਪਨ ਰਾਮਪਾਲ ਨੇ ਸਭ ਦਾ ਧੰਨਵਾਦ ਕੀਤਾ।
ਸਮੁੱਚੇ ਸਮਾਗਮ ਦਾ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕੀਤਾ । ਇਸ ਮੇਲੇ ਵਿੱਚ ਕਿਸਾਨਾਂ ਲਈ ਦੋ ਆਨਲਾਈਨ ਵਿਚਾਰ-ਵਟਾਂਦਰਾਂ ਸ਼ੈਸਨਾਂ ਦਾ ਪ੍ਰਬੰਧ ਕੀਤਾ ਗਿਆ ਸੀ । ਇਹਨਾਂ ਵਿੱਚੋਂ ਪਹਿਲੇ ਸੈਸ਼ਨ ਵਿੱਚ ਸਹਾਇਕ ਧੰਦਿਆਂ ਦੇ ਖੇਤੀ ਵਿੱਚ ਮਹੱਤਵ ਬਾਰੇ ਮਾਹਿਰਾਂ ਨੇ ਵਿਚਾਰ ਕੀਤੀ ਜਦਕਿ ਦੂਜੇ ਸੈਸ਼ਨ ਵਿੱਚ ਪਰਾਲੀ ਦੀ ਸੰਭਾਲ ਸੰਬੰਧੀ ਕੋਸ਼ਿਸ਼ਾਂ ਬਾਰੇ ਗੱਲਬਾਤ ਕੀਤੀ ਗਈ । ਹਾੜੀ ਦੀਆਂ ਫ਼ਸਲਾਂ ਲਈ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਨੇ ਕਿਸਾਨਾਂ ਦੇ ਸਵਾਲਾਂ ਦੇ ਜੁਆਬ ਵੀ ਦਿੱਤੇ ।
Please Share This News By Pressing Whatsapp Button