ਪਿੰਡ ਮਰਦ ਖੇੜਾ ਦਾ ਅਗਾਂਹਵਧੂ ਕਿਸਾਨ ਰਮਨਦੀਪ ਸਿੰਘ ਇਲਾਕੇ ਦੇ ਹੋਰਨਾ ਕਿਸਾਨਾਂ ਲਈ ਬਣਿਆ ਰਾਹ ਦਸੇਰਾ
ਸੁਨਾਮ/ਸੰਗਰੂਰ, 23 ਸਤੰਬਰ:
ਪਿੰਡ ਮਰਦ ਖੇੜਾ ਤਹਿਸੀਲ ਸੁਨਾਮ ਦਾ ਰਮਨਦੀਪ ਸਿੰਘ, ਜਿਲ੍ਹਾ ਸੰਗਰੂਰ ਦਾ ਇੱਕ ਅਗਾਂਹਵਧੂ ਕਿਸਾਨ ਹੈ ਜੋ ਕਿ ਵਾਤਾਵਰਣ-ਪੱਖੀ ਖੇਤੀ ਦੇ ਨਾਲ-ਨਾਲ ਫਸਲੀ-ਵਿਭਿੰਨਤਾ ਅਪਣਾ ਕੇ ਸਾਲ ਵਿਚ ਇਕ ਖੇਤ ’ਚੋਂ ਤਿੰਨ ਫ਼ਸਲਾ ਲੈ ਰਿਹਾ ਹੈ।
ਸਫ਼ਲ ਕਿਸਾਨ ਨੇ ਦੱਸਿਆ ਕਿ ਪਹਿਲਾਂ ਉਹ ਲਗਭਗ 11.5 ਏਕੜ ਰਕਬੇ ਵਿੱਚ ਕਣਕ-ਝੋਨੇ ਦੀ ਰਵਾਇਤੀ ਖੇਤੀ ਦੇ ਨਾਲ 3.5 ਏਕੜ ਰਕਬੇ ਵਿੱਚ ਸਬਜੀਆਂ ਅਤੇ ਗੰਨੇ ਦੀ ਕਾਸ਼ਤ ਕਰਦਾ ਸੀ। ਉਸ ਨੇ ਦੱਸਿਆ ਕਿ 2018 ਵਿੱਚ ਉਹ ਕਿ੍ਰਸ਼ੀ ਵਿਗਿਆਨ ਕੇਂਦਰ, ਖੇੜੀ ਨਾਲ ਜੁੜਿਆ ਅਤੇ ਇਥੋਂ ਦੇ ਮਾਹਿਰਾਂ ਦੀ ਪ੍ਰੇਰਣਾ ਅਤੇ ਦਿ੍ਰੜ ਇਰਾਦੇ ਸਦਕਾ ਪਹਿਲੀ ਵਾਰ ਝੋਨੇ ਦੀ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਤੇ ਪਿੰਡ ਦੇ ਹੋਰ ਕਿਸਾਨਾਂ ਨੂੰ ਵੀ ਇਸ ਸਬੰਧੀ ਪ੍ਰੇਰਿਤ ਕੀਤਾ। ਅਗਾਂਹਵਧੂ ਕਿਸਾਨ ਨੇ ਕਿਹਾ ਕਿ ਪਹਿਲੇ ਸਾਲ ਹੀ ਹੈਪੀ ਸੀਡਰ ਨਾਲ ਬੀਜੀ ਕਣਕ ਦਾ ਝਾੜ ਰਵਾਇਤੀ ਤਰੀਕੇ ਨਾਲ ਬੀਜੀ ਕਣਕ ਨਾਲੋਂ ਇੱਕ ਕੁਇੰਟਲ ਵੱਧ ਨਿੱਕਲਿਆ, ਜਿਸ ਨਾਲ ਉਸ ਨੂੰ ਬਹੁਤ ਹੌਂਸਲਾ ਮਿਲਿਆ।
ਰਮਨਦੀਪ ਨੇ ਦੱਸਿਆ ਕਿ ਹੈਪੀ ਸੀਡਰ ਨਾਲ ਬੀਜੀ ਕਣਕ ਵਿੱਚ ਗੁੱਲੀ-ਡੰਡਾ ਬਹੁਤ ਘੱਟ ਹੁੰਦਾ ਹੈ, ਜਿਸ ਨਾਲ ਨਦੀਨ-ਨਾਸ਼ਕਾਂ ਦਾ ਖਰਚਾ ਬਚਦਾ ਹੈ ਤੇ ਰਵਾਇਤੀ ਤਰੀਕੇ ਨਾਲ ਬੀਜੀ ਕਣਕ ਦੇ ਮੁਕਾਬਲੇ 1-2 ਪਾਣੀ ਵੀ ਘੱਟ ਲੱਗਦੇ ਨੇ ਅਤੇ ਕਣਕ ਡਿੱਗਦੀ ਵੀ ਬਹੁਤ ਘੱਟ ਹੈ। ਉਸ ਨੇ ਦੱਸਿਆ ਕਿ ਹੈਪੀ ਸੀਡਰ ਨਾਲ ਬਿਜਾਈ ਕਰਨ ਵਿੱਚ ਖਰਚਾ ਰਵਾਇਤੀ ਤਰੀਕੇ ਦੇ ਮੁਕਾਬਲੇ ਪ੍ਰਤੀ ਕਿੱਲਾ 1500 ਤੋਂ 2000 ਰੁਪਏ ਘੱਟ ਆਉਂਦਾ ਹੈ ਅਤੇ ਟਰੈਕਟਰ ਦੀ ਘਸਾਈ ਵੀ ਘੱਟ ਹੁੰਦੀ ਹੈ। ਸਫ਼ਲ ਕਿਸਾਨ ਨੇ ਦੱਸਿਆ ਕਿ ਸਾਲ 2019-20 ਵਿੱਚ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਦੇ ਨਾਲ-ਨਾਲ ਉਸ ਨੇ ਪੈਪਸੀ ਕੰਪਨੀ ਨਾਲ ਜੁੜ ਕੇ ਅਤੇ ਿਸ਼ੀ ਵਿਗਿਆਨ ਕੇਂਦਰ ਖੇੜੀ ਤੋਂ ਪਲਟਾਵੇਂ ਹਲ ਲੈ ਕੇ ਸੱਤ ਏਕੜ ਰਕਬੇ ਵਿੱਚ ਆਲੂਆਂ ਦੀ ਖੇਤੀ ਸ਼ੁਰੂ ਕੀਤੀ ਅਤੇ ਕਣਕ ਨਾਲੋਂ ਦੁੱਗਣਾ ਮੁਨਾਫਾ ਕਮਾਇਆ। ਉਸ ਨੇ ਕਿਹਾ ਕਿ ਸਾਲ 2020-21 ਦੌਰਾਨ ਉਸ ਨੇ ਆਪਣਾ ਸਾਰਾ 15 ਏਕੜ ਰਕਬਾ ਹੀ ਆਲੂਆਂ ਦੀ ਇਕਰਾਰਨਾਮਾ ਖੇਤੀ ਹੇਠ ਲਿਆਂਦਾ ਅਤੇ ਪਲਟਾਵੇਂ ਹਲਾਂ ਨਾਲ ਪਰਾਲੀ ਨੂੰ ਖੇਤ ਵਿਚ ਰਲਾਇਆ।
ਰਮਨਦੀਪ ਸਿੰਘ ਨੇ ਕਿਹਾ ਕਿ ਪਰਾਲੀ ਨੂੰ ਖੇਤ ਵਿਚ ਮਿਲਾਉਣ ਨਾਲ ਖੇਤ ਦੀ ਮਿੱਟੀ ਵਿੱਚ 9 ਇੰਚ ਤੱਕ ਜੈਵਿਕ ਮਾਦਾ ਵਧਿਆ ਹੈ ਜਿਸ ਨਾਲ ਉਸ ਦੀ ਖਾਦਾਂ ਦੀ ਵਰਤੋਂ ਵਿੱਚ ਕਮੀ ਆਈ ਹੈ। ਉਸ ਨੇ ਦੱਸਿਆ ਕਿ ਆਲੂਆਂ ਤੋਂ ਬਾਅਦ ਉਸ ਨੇ ਚਾਰੇ ਵਾਲੀ ਮੱਕੀ ਦੀ ਬਿਜਾਈ ਕੀਤੀ ਤੇ ਬਾਅਦ ਵਿਚ ਜੁਲਾਈ ਮਹੀਨੇ ਦੇ ਪਹਿਲੇ ਹਫਤੇ ਦੌਰਾਨ ਆਪਣੇ ਖੇਤ ਦੇ ਜ਼ਿਆਦਾਤਰ ਰਕਬੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਪ੍ਰਮਾਣਿਤ ਪਰਮਲ ਝੋਨੇ ਦੀ ਪੀ. ਆਰ. 126 ਕਿਸਮ ਦੀ ਲੁਆਈ ਕੀਤੀ, ਜਿਸ ਨਾਲ ਪਾਣੀ ਦੀ ਬੱਚਤ ਵੀ ਹੋਈ। ਅਗਾਂਹਵਧੂ ਕਿਸਾਨ ਨੇ ਕਿਹਾ ਕਿ ਪੀ. ਆਰ. 126 ਦੀ ਲੇਟ ਲੁਆਈ ਨਾਲ ਸਿੰਚਾਈ ਦੇ ਪਾਣੀ ਦੀ ਹੋਰ ਵੀ ਜ਼ਿਆਦਾ ਬੱਚਤ ਹੁੰਦੀ ਹੈ ਅਤੇ ਝੋਨੇ ਦਾ ਝਾੜ ਵੀ ਪੂਰਾ ਨਿਕਲਦਾ ਹੈ।
Please Share This News By Pressing Whatsapp Button