ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਮਲੇਰਕੋਟਲਾ ਦੇ ਸਮੂਹ ਦਫ਼ਤਰਾਂ ‘ਚ ਸਟਾਫ਼ ਦੀ ਸਮੇਂ ਸਿਰ ਹਾਜ਼ਰੀ ਨੂੰ ਯਕੀਨੀ ਬਣਾਉਣ ਦੀਆ ਹਦਾਇਤਾਂ
ਮਲੇਰਕੋਟਲਾ 23 ਸਤੰਬਰ :
ਡਿਪਟੀ ਕਮਿਸ਼ਨਰ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਮੁੱਖ ਮੰਤਰੀ ਪੰਜਾਬ ਸਰਦਾਰ ਚਰਨਜੀਤ ਸਿੰਘ ਚੰਨੀ ਵੱਲੋਂ ਸਰਕਾਰੀ ਦਫ਼ਤਰਾਂ ਵਿੱਚ ਆਉਣ ਵਾਲੇ ਆਮ ਲੋਕਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਉਣ ਦੇਣ ਅਤੇ ਸਰਕਾਰੀ ਦਫ਼ਤਰਾਂ ਦੀ ਕਾਰਜ ਪ੍ਰਣਾਲੀ ਨੂੰ ਹੋਰ ਬਿਹਤਰ ਬਣਾਉਣ ਦੇ ਉਦੇਸ਼ ਲਈ ਦਫ਼ਤਰੀ ਸਟਾਫ਼ ਦੀ ਹਾਜ਼ਰੀ ਦੀ ਪਾਬੰਦੀ ਲਈ ਜਾਰੀ ਹਦਾਇਤਾਂ ਦੇ ਮੱਦੇਨਜ਼ਰ ਜ਼ਿਲ੍ਹਾ ਮਲੇਰਕੋਟਲਾ ਦੇ ਸਮੂਹ ਦਫ਼ਤਰਾਂ ਦੇ ਮੁਖੀਆਂ ਨੂੰ ਨਿਰਦੇਸ਼ ਦਿੱਤੇ ਕਿ ਆਪਣੇ ਅਧੀਨ ਕੰਮ ਕਰਦੇ ਸਟਾਫ਼ ਦੀ ਦਫ਼ਤਰੀ ਸਮੇਂ ਅਧੀਨ ਹਾਜ਼ਰੀ ਨੂੰ ਯਕੀਨੀ ਬਣਾਉਣ ।
ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਅਤੇ ਸਾਫ਼-ਸੁਥਰਾ ਤੇ ਪਾਰਦਰਸ਼ੀ ਪ੍ਰਸ਼ਾਸਨ ਮੁਹੱਈਆ ਕਰਵਾਉਣ ਦੇ ਜਾਰੀ ਆਦੇਸ਼ਾਂ ਦੀ ਪਾਲਣਾ ‘ਚ ਦਫ਼ਤਰਾਂ ‘ਚ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਸਮੇਂ ਸਿਰ ਆਉਣਾ, ਦਫ਼ਤਰੀ ਸਮੇਂ ਦੌਰਾਨ ਆਪਣੀ ਹਾਜ਼ਰੀ ਅਤੇ ਦਫ਼ਤਰੀ ਸਮੇਂ ਦੀ ਸੰਪੂਰਨਤਾ ਉਪਰੰਤ ਦਫ਼ਤਰ ਤੋਂ ਜਾਣ ਨੂੰ ਯਕੀਨੀ ਬਣਾਉਣ ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਵੇਂ ਬਣੇ ਜ਼ਿਲ੍ਹੇ ‘ਚ ਪਹਿਲਾ ਦੋ ਵਾਰ ਜ਼ਿਲ੍ਹੇ ਦੇ ਅਧਿਕਾਰੀਆਂ ਵੱਲੋਂ ਵੱਖ ਵੱਖ ਸਰਕਾਰੀ ਦਫ਼ਤਰਾਂ ਦੀ ਚੈਕਿੰਗ ਕੀਤੀ ਜਾ ਚੁੱਕੀ ਹੈ,ਆਉਂਦੇ ਦਿਨਾਂ ‘ਚ ਜ਼ਿਲ੍ਹੇ ‘ਚ ਅਚਨਚੇਤ ਚੈਕਿੰਗ ਵੀ ਕੀਤੀ ਜਾਵੇਗੀ । ਚੈਕਿੰਗ ਦੌਰਾਨ ਗ਼ੈਰਹਾਜ਼ਰ ਪਾਏ ਗਏ ਸਟਾਫ਼ ਵਿਰੁੱਧ ਅਨੁਸ਼ਾਸਨਿਕ ਕਾਰਵਾਈ ਕੀਤੀ ਜਾਵੇਗੀ ।
ਡਿਪਟੀ ਕਮਿਸ਼ਨਰ ਨੇ ਕਿਹਾ ਸਰਕਾਰੀ ਦਫ਼ਤਰਾਂ ‘ਚੋਂ ਦੂਰ-ਦੁਰਾਡੇ ਤੋਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਲੋਕ, ਜਦੋਂ ਉਨ੍ਹਾਂ ਦੀ ਸਮੱਸਿਆ ਦਾ ਹੱਲ ਕਰਨ ਵਾਲੇ ਅਧਿਕਾਰੀਆਂ/ਕਰਮਚਾਰੀਆਂ ਨੂੰ ਨਾਦਾਰਦ (ਗੈਰ ਹਾਜ਼ਰ) ਦੇਖਦੇ ਹਨ ਤਾਂ ਉਨ੍ਹਾਂ ਦੀ ਪ੍ਰੇਸ਼ਾਨੀ ਹੋਰ ਵੀ ਵਧ ਜਾਂਦੀ ਹੈ। ਉਨ੍ਹਾਂ ਨੇ ਜ਼ਿਲ੍ਹੇ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੀ ਆਪਣੀ ਰੁਟੀਨ ਨੂੰ ਠੀਕ ਕਰਦੇ ਹੋਏ, ਸਮੇਂ ਸਿਰ ਦਫ਼ਤਰ ‘ਚ ਆਉਣਾ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ।
ਡਿਪਟੀ ਕਮਿਸ਼ਨਰ ਨੇ ਸਬ ਡਵੀਜ਼ਨ ਮੈਜਿਸਟਰੇਟਾਂ ਨੂੰ ਆਪਣੇ ਪੱਧਰ ‘ਤੇ ਸਬ ਡਵੀਜ਼ਨ ‘ਚ ਆਪਣੇ ਅਧਿਕਾਰੀਆਂ ਅਤੇ ਸਟਾਫ਼ ਦੀ ਹੇਠਲੇ ਪੱਧਰ ਤੱਕ ਚੈਕਿੰਗ ਨੂੰ ਯਕੀਨੀ ਬਣਾਉਣ ਲਈ ਵੀ ਕਿਹਾ ।
Please Share This News By Pressing Whatsapp Button