ਡੇਂਗੂ ਦੀ ਰੋਕਥਾਮ ਨੂੰ ਲੈ ਕਿ ਸਿਹਤ ਵਿਭਾਗ ਹੋਇਆ ਚੌਕਸ ਘਰਾਂ, ਦੁਕਾਨਾਂ ਅਤੇ ਖੁੱਲ੍ਹੇ ਸਥਾਨਾਂ ਵਿੱਚ ਵਿੱਚ ਮੱਛਰ ਦੇ ਲਾਰਵੇ ਦੀ ਚੈਕਿੰਗ ਜਾਰੀ
ਮਲੇਰਕੋਟਲਾ: 24 ਸਤੰਬਰ:
ਕੋਵਿਡ 19 ਦੇ ਨਾਲ ਨਾਲ ਡੇਂਗੂ ਦੀ ਰੋਕਥਾਮ ਨੂੰ ਲੈ ਕਿ ਸਿਹਤ ਵਿਭਾਗ ਸਰਗਰਮੀ ਨਾਲ ਕਾਰਜ ਕਰ ਰਿਹਾ ਹੈ।ਜਿਸ ਤਹਿਤ ਮਲੇਰਕੋਟਲਾ ਦੇ ਵੱਖ-ਵੱਖ ਪਿੰਡਾਂ ਸ਼ਹਿਰਾਂ ਵਿੱਚ ਡੇਂਗੂ ਰੋਗ ਪੈਦਾ ਕਰਨ ਵਾਲੇ ਲਾਰਵੇ ਦੀ ਚੈਕਿੰਗ ਜਾਰੀ ਹੈ।ਇਸ ਗੱਲ ਦੀ ਜਾਣਕਾਰੀ ਕਾਰਜਕਾਰੀ ਸਿਵਲ ਸਰਜਨ ਮਲੇਰਕੋਟਲਾ ਡਾਕਟਰ ਬਿੰਦੂ ਨਲਵਾ ਨੇ ਦਿੱਤੀ ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਸਿਹਤ ਬਲਾਕਾਂ ਤਹਿਤ ਪੈਂਦੇ ਸਬ ਸੈਂਟਰਾਂ ‘ਤੇ ਸਿਹਤ ਕਾਮਿਆਂ ਦੁਆਰਾ ਡੇਂਗੂ ਰੋਕੂ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਤਹਿਤ ਘਰਾਂ, ਦਫ਼ਤਰਾਂ ਅਤੇ ਦੁਕਾਨਾਂ ਵਿੱਚ ਜਾ ਕਿ ਜਿੱਥੇ ਲੋਕਾਂ ਨੂੰ ਡੇਂਗੂ -ਮਲੇਰੀਆ ਤੋਂ ਬਚਾਅ ਲਈ ਸਾਵਧਾਨ ਕੀਤਾ ਜਾਂਦਾ ਹੈ , ਉੱਥੇ ਖੜੇ ਪਾਣੀ ਵਿੱਚ ਲਾਰਵੇ ਦਾ ਨਰੀਖਣ ਕਰਦੇ ਹੋਏ ਲੋਕਾਂ ਨੂੰ ਸਾਵਧਾਨੀਆਂ ਰੱਖਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ।
ਉਨ੍ਹਾਂ ਹੋਰ ਦੱਸਿਆ ਕਿ ਜ਼ਿਲ੍ਹੇ ਅਧੀਨ ਪੈਂਦੇ ਵੱਖ ਵੱਖ ਮੁੱਢਲੇ ਸਿਹਤ ਕੇਂਦਰਾਂ, ਸਮੁਦਾਇਕ ਸਿਹਤ ਕੇਂਦਰਾਂ ਅਤੇ ਪੇਂਡੂ ਹਸਪਤਾਲਾਂ ਆਦਿ ਵਿੱਚ ਡੇਂਗੂ ਦੇ ਮਰੀਜ਼ਾਂ ਲਈ ਵਿਸ਼ੇਸ਼ ਡੇਂਗੂ ਵਾਰਡ ਵੀ ਸਥਾਪਤ ਕੀਤੇ ਗਏ ਹਨ ।
ਕਾਰਜਕਾਰੀ ਸਿਵਲ ਸਰਜਨ ਨੇ ਨਾਗਰਿਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਰੁੱਤ ਵਿੱਚ ਸਾਰੇ ਨਾਗਰਿਕ ਪੂਰੀਆਂ ਬਾਹਾਂ ਵਾਲੇ ਕੱਪੜੇ ਪਹਿਨਣ, ਆਪਣੇ ਘਰਾਂ ਅਤੇ ਆਲੇ ਦੁਆਲੇ ਮੀਂਹ ਦਾ ਪਾਣੀ ਜਾਂ ਕਿਸੇ ਵੀ ਤਰ੍ਹਾਂ ਦਾ ਸਾਫ਼ ਪਾਣੀ ਇਕੱਠਾ ਨਾ ਹੋਣ ਦੇਣ, ਹਵਾ ਵਾਲੇ ਕੂਲਰਾਂ, ਫ਼ਰਿਜਾਂ ਦੀਆਂ ਪਿਛਲੀਆਂ ਟੈਂਕੀਆਂ ਆਦਿ ਵਿਚ ਖ਼ਾਸ ਤੌਰ ਤੇ ਪਾਣੀ ਦੀ ਸਫ਼ਾਈ ਕੀਤੀ ਜਾਵੇ।ਘਰਾਂ ਵਿਚ ਮੱਛਰ ਮਾਰ ਵੱਖ ਵੱਖ ਤਰ੍ਹਾਂ ਦੀਆਂ ਦਵਾਈਆਂ ਦੀ ਵਰਤੋਂ ਕੀਤੀ ਜਾਵੇ ਅਤੇ ਕਿਸੇ ਵੀ ਕਿਸਮ ਦੇ ਬੁਖ਼ਾਰ ਦੀ ਸ਼ਿਕਾਇਤ ਹੋਣ ਤੇ ਡੇਂਗੂ ਦੀ ਜਾਂਚ ਜ਼ਰੂਰ ਕਰਵਾਈ ਜਾਵੇ।
ਕਾਰਜਕਾਰੀ ਜ਼ਿਲ੍ਹਾ ਮਾਸ ਮੀਡੀਆ ਅਧਿਕਾਰੀ ਸੋਨ ਦੀਪ ਸਿੰਘ ਸੰਧੂ ਨੇ ਦੱਸਿਆ ਕਿ ਜ਼ਿਲ੍ਹੇ ਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿਚ ਬਹੁਮੰਤਵੀ ਸਿਹਤ ਕਾਮੇ ਸਿਹਤ ਸੁਪਰਵਾਈਜ਼ਰਾਂ ਦੀ ਨਿਗਰਾਨੀ ਤਹਿਤ ਵੱਖ ਵੱਖ ਘਰਾਂ ਵਿਚ ਖੁੱਲ੍ਹੇ ਖੇਤਰਾਂ ਵਿੱਚ ਪਏ ਕਬਾੜ ਉਦਯੋਗਿਕ ਖੇਤਰਾਂ ਆਦਿ ਵਿੱਚ ਜਾ ਕੇ ਖੜ੍ਹੇ ਪਾਣੀ ਦੀ ਜਾਂਚ ਕਰ ਰਹੇ ਹਨ ਅਤੇ ਜਿੱਥੇ ਕਿਤੇ ਵੀ ਖੜ੍ਹਾ ਪਾਣੀ ਮਿਲਦਾ ਹੈ ਤਾਂ ਉਸ ਨੂੰ ਨਸ਼ਟ ਕਰਵਾ ਰਹੇ ਹਨ ਅਤੇ ਜੇ ਕਿਤੇ ਲਾਰਵਾ ਮਿਲਦਾ ਹੈ ਤਾਂ ਉਨ੍ਹਾਂ ਦੇ ਚਲਾਨ ਕੱਟੇ ਜਾਣਗੇ।
Please Share This News By Pressing Whatsapp Button