ਡੇਂਗੂ ਤੋਂ ਜ਼ਿਲ੍ਹਾ ਵਾਸੀਆਂ ਦੇ ਬਚਾਅ ਲਈ ਡਿਪਟੀ ਕਮਿਸ਼ਨਰ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਖ਼ਤ ਦਿਸ਼ਾ ਨਿਰਦੇਸ਼ ਜਾਰੀ
ਸੰਗਰੂਰ, 24 ਸਤੰਬਰ :
ਜ਼ਿਲਾ ਵਾਸੀਆਂ ਨੂੰ ਚੰਗੀਆਂ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ਅਤੇ ਮੌਸਮ ਬਦਲਣ ਨਾਲ ਡੇਂਗੂ, ਚਿਕਨਗੁਨੀਆਂ ਅਤੇ ਮਲੇਰੀਆ ਤੋਂ ਸੁਰੱਖਿਅਤ ਰੱਖਣ ਲਈ ਸਿਹਤ ਵਿਭਾਗ ਅਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀਆਂ ਨਾਲ ਸਥਾਨਕ ਜ਼ਿਲਾ ਪ੍ਰਬੰਧਕੀ ਕੰਪਲੈਕਸ਼ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਅਹਿਮ ਮੀਟਿੰਗ ਕੀਤੀ।
ਮੀਟਿੰਗ ਦੌਰਾਨ ਸ੍ਰੀ ਰਾਮਵੀਰ ਨੇ ਜਿੱਥੇ ਵੱਖ-ਵੱਖ ਵਿਭਾਗੀ ਅਧਿਕਾਰੀਆਂ ਨੂੰ ਸਰਕਾਰੀ ਇਮਾਰਤਾਂ ਤੇ ਆਲੇ-ਦੁਆਲੇ ਸਾਫ਼ ਸਫ਼ਾਈ ਰੱਖਣ ਦੇ ਆਦੇਸ਼ ਜਾਰੀ ਕੀਤੇ, ਉਥੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਘਰਾਂ ਦੇ ਨੇੜੇ ਅਤੇ ਕਿਸੇ ਵੀ ਬਰਤਨ, ਗਮਲਿਆਂ, ਕੂਲਰ ਆਦਿ ’ਚ ਪਾਣੀ ਭਰਕੇ ਨਾ ਰੱਖਿਆ ਜਾਵੇ। ਉਨਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੰੂ ਲੋਕਾਂ ਨੂੰ ਡੇਂਗੂ, ਚਿਕਨਗੁਨੀਆਂ ਅਤੇ ਮਲੇਰੀਆ ਤੋਂ ਬਚਾਅ ਬਾਰੇ ਵੱਧ ਤੋਂ ਵੱਧ ਜਾਗਰੂਕ ਕਰਨ ਦੇ ਆਦੇਸ਼ ਜਾਰੀ ਕੀਤੇ। ਉਨਾਂ ਕਿਹਾ ਕਿ ਇਨਾਂ ਬਿਮਾਰੀਆਂ ਦੀ ਰੋਕਥਾਮ ਲਈ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਜ਼ਿਲੇ ‘ਚ ਤਕਰੀਬਨ ਸਾਰੀਆਂ ਅਜਿਹੀਆਂ ਥਾਂਵਾਂ ਦੀ ਪਛਾਣ ਕੀਤੀ ਜਾਵੇ ਜਿੱਥੇ ਮਲੇਰੀਆ ਤੇ ਡੇਂਗੂ ਫੈਲਣ ਦੀ ਸੰਭਾਵਨਾ ਆਮ ਨਾਲੋਂ ਜ਼ਿਆਦਾ ਹੈ।
ਸ਼੍ਰੀ ਰਾਮਵੀਰ ਨੇ ਹਦਾਇਤ ਕੀਤੀ ਕਿ ਰਿਹਾਇਸ਼ੀ ਇਲਾਕਿਆਂ ਦੇ ਨਾਲ-ਨਾਲ ਹਰ ਸਰਕਾਰੀ ਇਮਾਰਤ ਤੇ ਸਰਕਾਰੀ ਰਿਹਾਇਸ਼ ‘ਚ ਵੀ ਬਾਰੀਕੀ ਨਾਲ ਮੱਛਰਾਂ ਦੇ ਲਾਰਵੇ ਦੀ ਜਾਂਚ ਕੀਤੀ ਜਾਵੇ। ਉਨਾਂ ਦੱਸਿਆ ਕਿ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਹੀ ਇਨਾਂ ਥਾਵਾਂ ਦਾ ਖ਼ਾਸ ਧਿਆਨ ਰੱਖਣ ਦੀ ਹਦਾਇਤ ਕੀਤੀ ਗਈ ਹੈ। ਉਨਾਂ ਕਿਹਾ ਕਿ ਮਲੇਰੀਆ ਅਤੇ ਡੇਂਗੂ ਬੁਖਾਰ ਫੈਲਾਉਣ ਵਾਲੇ ਮੱਛਰਾਂ ਦੇ ਪੈਦਾਇਸ਼ੀ ਸਥਾਨਾਂ ਦੀ ਭਾਲ ਕਰਕੇ ਮੱਛਰਾਂ ਦੇ ਲਾਰਵੇ ਨੂੰ ਤੁਰੰਤ ਨਸ਼ਟ ਕੀਤਾ ਜਾਵੇ। ਉਨਾਂ ਜਲ ਸਪਲਾਈ ਵਿਭਾਗ ਨੂੰ ਵਿਸ਼ੇਸ਼ ਤੌਰ ‘ਤੇ ਹਦਾਇਤ ਕੀਤੀ ਕਿ ਵਾਟਰ ਵਰਕਸ ਅਧੀਨ ਪੈਂਦੀਆਂ ਟੈਂਕੀਆਂ ਆਦਿ ਦੀ ਸਫ਼ਾਈ ਕਰਵਾਈ ਜਾਵੇ। ਉਨਾਂ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਹਰ ਪਾਸੇ ਸਫ਼ਾਈ ਤੇ ਫੌਗਿੰਗ ਦਾ ਪੂਰਾ ਧਿਆਨ ਰੱਖਿਆ ਜਾਵੇ ਅਤੇ ਸਿਹਤ ਵਿਭਾਗ ਨਾਲ ਤਾਲਮੇਲ ਕਰਕੇ ਸਾਰਾ ਕੰਮ ਕੀਤਾ ਜਾਵੇ।
ਇਸ ਮੌਕੇ ਸਿਵਲ ਸਰਜਨ ਸੰਗਰੂਰ ਡਾ. ਅੰਜਨਾ ਗੁਪਤਾ ਨੇ ਦੱਸਿਆ ਕਿ ਡੇਂਗੂ ਬੁਖਾਰ ਦੇ, ਸਿਰ ਦਰਦ, ਜੋੜਾਂ ਦਾ ਦਰਦ ਅੱਖਾਂ ਦੇ ਪਿਛਲੇ ਪਾਸੇ ਦਰਦ, ਕਮਜ਼ੋਰੀ ਅਤੇ ਲਾਲ ਰੰਗ ਦੇ ਰੈਸ ਆਦਿ ਹੋਣ ਦੀ ਸੂਰਤ ’ਚ ਡਾਕਟਰੀ ਸਲਾਹ ਲੈਦੀ ਚਾਹੀਦੀ ਹੈ। ਉਨਾਂ ਕਿਹਾ ਕਿ ਡੇਂਗੂ ਬੁਖਾਰ ਏਡੀਸ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਅਤੇ ਇਹ ਮੱਛਰ ਜ਼ਿਆਦਾ ਤੌਰ ’ਤੇ ਸਾਫ਼ ਪਾਣੀ ’ਚ ਪੈਦਾ ਹੁੰਦਾ ਹੈ।
Please Share This News By Pressing Whatsapp Button