ਝੋਨੇ ਦੀ ਪਰਾਲੀ ਦੇ ਯੋਗ ਪ੍ਰਬੰਧਨ ਲਈ ਪਿੰਡ ਪੱਧਰੀ ਕੈਂਪਾਂ ਰਾਹੀ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇ- ਮੁੱਖ ਖੇਤੀਬਾੜੀ ਅਫ਼ਸਰ
ਸੰਗਰੂਰ, 24 ਸਤੰਬਰ:
ਸਾਉਣੀ 2021 ਦੌਰਾਨ ਝੋਨੇ ਦੀ ਫਸਲ ਨੂੰ ਅੱਗ ਨਾ ਲਗਾਉਣ ਅਤੇ ਪਰਾਲੀ ਦੇ ਯੋਗ ਪ੍ਰਬੰਧਨ ਸੰਬੰਧੀ ਵੱਧ ਤੋਂ ਵੱਧ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਮੁੱਖ ਖੇਤੀਬਾੜੀ ਅਫਸਰ ਸੰਗਰੂਰ ਡਾ. ਜਸਵਿੰਦਰਪਾਲ ਸਿੰਘ ਗਰੇਵਾਲ ਵਲੋਂ ਸਮੂਹ ਵਿਭਾਗੀ ਅਧਿਕਾਰੀਆਂ ਤੇ ਫ਼ੀਲਡ ਕਰਮਚਾਰੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਸ੍ਰ. ਗਰੇਵਾਲ ਨੇ ਵਿਭਾਗੀ ਅਧਿਕਾਰੀਆਂ ਨੂੰ ਝੋਨੇ ਦੀ ਪਰਾਲੀ ਦੇ ਯੋਗ ਪ੍ਰਬੰਧਨ ਲਈ ਪਿੰਡ ਪੱਧਰੀ ਕੈਂਪਾਂ ਰਾਹੀ ਵੱਧ ਤੋਂ ਵੱਧ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਅਪੀਲ ਕੀਤੀ।
ਉਨਾਂ੍ਹ ਦੱਸਿਆ ਕਿ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਯੋਗ ਪ੍ਰਬੰਧਨ ਲਈ ਪ੍ਰਚਾਰ ਵੈਨਾਂ ਵੀ ਚਲਾਈਆਂ ਜਾਣਗੀਆਂ ਅਤੇ ਲਿਟਰੇਚਰ ਵੀ ਵੰਡਿਆ ਜਾਵੇਗਾ। ਉਨ੍ਹਾਂ ਵਿਭਾਗ ਦੇ ਖੇਤੀ ਨਾਲ ਜੁੜੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਖੇਤਾਂ ਵਿਚ ਪਰਾਲੀ ਦਾ ਯੋਗ ਪ੍ਰਬੰਧਨ ਕਰ ਕੇ ਹੋਰਨਾਂ ਕਿਸਾਨਾਂ ਨੂੰ ਵੀ ਪ੍ਰੇਰਿਤ ਕਰਨ। ਉਨ੍ਹਾਂ ਕਿਹਾ ਕਿ ਜੇਕਰ ਵਿਭਾਗ ਦਾ ਕੋਈ ਅਧਿਕਾਰੀ ਕਰਮਚਾਰੀ ਆਪਣੇ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਗਾਉਂਦਾ ਹੈ ਤਾਂ ਉਸ ’ਤੇ ਕਾਨੂੰਨੀ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਮੂਹ ਅਧਿਕਾਰੀ, ਕਰਮਚਾਰੀ ਆਪਣੇ ਪਿੰਡਾਂ ਦੇ ਕਿਸਾਨਾਂ, ਪੰਚਾਂ ਤੇ ਸਰਪੰਚਾਂ ਨੂੰ ਵੀ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੇ ਹੋਣ ਵਾਲੇ ਨੁਕਸਾਨਾਂ ਅਤੇ ਪਰਾਲੀ ਦੇ ਯੋਗ ਪ੍ਰਬੰਧਨ ਸੰਬੰਧੀ ਜਾਣਕਾਰੀ ਮੁਹੱਈਆਂ ਕਰਵਾਉਣਾ ਯਕੀਨੀ ਬਣਾਉਣ।
ਮੁੱਖ ਖੇਤੀਬਾੜੀ ਅਫ਼ਸਰ ਨੇ ਫ਼ੀਲਡ ਸਟਾਫ਼ ਨੂੰ ਕਿਹਾ ਕਿ ਪਰਾਲੀ ਦੇ ਯੋਗ ਪ੍ਰਬੰਧਨ ਲਈ ਕੀਤੇ ਜਾ ਰਹੇ ਨਵੇਂ ਉਪਰਾਲੇ ਮੋਬਾਇਲ ਸੰਵਾਦ (ਐਮ. ਸੰਵਾਦ) ਬਾਰੇ ਵੱਧ ਤੋਂ ਵੱਧ ਕਿਸਾਨਾਂ ਨੂੰ ਜੋੜਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਕਿਸਾਨ ਪਰਾਲੀ ਸੰਬੰਧੀ ਸਮੱਸਿਆਵਾਂ ਦਾ ਹੱਲ ਘਰ ਬੈਠੇ ਹੀ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਉਹ ਆਪਣੇ ਮੋਬਾਇਲ ਤੋਂ ਨੰਬਰ 78786-91010 ਤੇ ਮਿਸ ਕਾਲ ਕਰਕੇ ਖੁਦ ਨੂੰ ਰਜਿਸਟਰ ਕਰ ਸਕਦਾ ਹੈ ਅਤੇ ਮਿਥੀ ਗਈ ਤਾਰੀਖ ਨੂੰ ਨਿਰਧਾਰਿਤ ਸਮੇਂ ਤੇ (ਬਾਅਦ ਦੁਪਿਹਰ 3 ਵਜੇ) ਆਈ ਟੈਲੀਫੋਨ ਕਾਲ ਅਟੈਂਡ ਕਰਨ ਤੇ ਪੋ੍ਰਗਰਾਮ ਰਾਹੀਂ ਜੁੜ ਸਕਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕਸਟਮ ਹਾਇਰਿੰਗ ਸੈਂਟਰਾਂ ਅਤੇ ਸਹਿਕਾਰੀ ਸਭਾਵਾਂ ਤੇ ਮੌਜੂਦ ਵੱਖ ਵੱਖ ਖੇਤੀ ਮਸ਼ੀਨਾਂ ਤੱਕ ਪਹੁੰਚ ਕਰਵਾਉਣ ਲਈ ਹਰ ਸੰਭਵ ਸਹਿਯੋਗ ਦਿੱਤਾ ਜਾਵੇ ਅਤੇ ਲੋੜ ਪੈਣ ਤੇ ਉਨ੍ਹਾਂ ਲਈ ਖੇਤੀ ਮਸ਼ੀਨਰੀ ਦਾ ਪ੍ਰਬੰਧ ਵੀ ਕਰਕੇ ਦਿੱਤਾ ਜਾਵੇ।
Please Share This News By Pressing Whatsapp Button