ਬਾਗਬਾਨੀ ਵਿਭਾਗ ਨੇ ਪਿੰਡ ਵਜੀਦਪੁਰ ਵਿਖੇ ਮਾਡਲ ਘਰੇਲੂ ਫਲਦਾਰ ਬਗੀਚੀ ਲਗਾਈ
ਪਟਿਆਲਾ, 24 ਸਤੰਬਰ:
ਇੱਕ ਆਮ ਪਰਿਵਾਰ ਲਈ ਲੋੜੀਂਦੇ ਫਲਾਂ ਦੀ ਪੂਰਤੀ ਲਗਭਗ ਸਵਾ ਕਨਾਲ ਰਕਬੇ ਵਿੱਚ 25 ਤਰਾਂ ਦੇ ਫਲਦਾਰ ਬੂਟੇ ਲਗਾ ਕੇ ਕੀਤੀ ਜਾ ਸਕਦੀ ਹੈ, ਇਸ ਨਾਲ ਸਾਰਾ ਸਾਲ ਲਗਾਤਾਰ ਵੱਖ-ਵੱਖ ਫਲ ਪ੍ਰਾਪਤ ਹੋ ਸਕਦੇ ਹਨ। ਉਕਤ ਪ੍ਰਗਟਾਵਾਂ ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਨਿਰਵੰਤ ਸਿੰਘ ਨੇ ਪਿੰਡ ਵਜੀਦਪੁਰ ਵਿਖੇ ਅਮਰੂਦ ਅਸਟੇਟ ‘ਚ ਮਾਡਲ ਘਰੇਲੂ ਫਲਦਾਰ ਬਗੀਚੀ ਲਗਾਉਣ ਦੀ ਸ਼ੁਰੂਆਤ ਮੌਕੇ ਕੀਤਾ।
ਉਨ੍ਹਾਂ ਕਿਹਾ ਕਿ ਸਾਡੀ ਸਿਹਤ ਲਈ ਫਲਾਂ ਦੀ ਬਹੁਤ ਮਹੱਤਤਾ ਹੈ, ਜਿਨ੍ਹਾਂ ਤੋਂ ਵੱਖ-ਵੱਖ ਵਿਟਾਮਿਨ, ਮਿਨਰਲ ਅਤੇ ਫਾਈਬਰ ਪ੍ਰਾਪਤ ਹੁੰਦਾ ਹੈ, ਪ੍ਰੰਤੂ ਫਲ ਮਹਿੰਗੇ ਹੋਣ ਕਾਰਨ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹਨ। ਡਾ. ਨਿਰਵੰਤ ਸਿੰਘ ਨੇ ਕਿਹਾ ਕਿ ਬਾਗਬਾਨੀ ਵਿਭਾਗ ਵੱਲੋਂ ਫਲ ਬਗੀਚੀ ਦਾ ਜੋ ਮਾਡਲ ਤਿਆਰ ਕੀਤਾ ਗਿਆ ਹੈ, ਇਸ ਵਿੱਚ ਸਾਰੇ ਫਲਦਾਰ ਬੂਟੇ ਵਧੀਆ ਤਰਤੀਬ ਵਿੱਚ ਲਗਾਏ ਜਾਂਦੇ ਹਨ ਜਿਸ ਨਾਲ ਮੌਸਮ ਅਨੁਸਾਰ ਸਾਰਾ ਸਾਲ ਵੱਖ-ਵੱਖ ਫਲ ਉਪਲਬਧ ਰਹਿੰਦੇ ਹਨ ਅਤੇ ਪਰਿਵਾਰ ਨੂੰ ਵਧੀਆ ਪੋਸ਼ਣ ਉਪਲਬਧ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਤੰਬਰ ਮਹੀਨੇ ਨੂੰ ਪੋਸ਼ਣ ਮਹੀਨੇ ਵਜੋਂ ਵੀ ਮਨਾਇਆ ਜਾ ਰਿਹਾ ਹੈ।
ਡਿਪਟੀ ਡਾਇਰੈਕਟਰ ਬਾਗਬਾਨੀ ਨੇ ਪਟਿਆਲਾ ਵਾਸੀਆਂ ਨੂੰ ਅਪੀਲ ਕਰਦਿਆ ਕਿਹਾ ਕਿ ਉਹ ਆਪਣੇ ਘਰਾਂ ਵਿੱਚ ਉਪਲਬਧ ਜਗ੍ਹਾ ਮੁਤਾਬਕ ਫਲਦਾਰ ਬੂਟੇ ਜ਼ਰੂਰ ਲਗਾਉਣ, ਇਸ ਨਾਲ ਸਾਨੂੰ ਸਾਫ਼ ਸੁਥਰੇ ਜ਼ਹਿਰ ਰਹਿਤ ਫਲ ਉਪਲਬਧ ਹੋਣਗੇ ਅਤੇ ਨਾਲ ਹੀ ਪੋਸ਼ਕ ਤੱਤਾਂ ਨਾਲ ਸਾਡੀ ਸਿਹਤ ਵਿੱਚ ਸੁਧਾਰ ਆਵੇਗਾ। ਇਸ ਮੌਕੇ ਬਾਗਬਾਨੀ ਵਿਕਾਸ ਅਫ਼ਸਰ ਕੁਲਵਿੰਦਰ ਸਿੰਘ, ਹਰਿੰਦਰਪਾਲ ਸਿੰਘ ਤੇ ਜਗਸੀਰ ਸਿੰਘ ਵੀ ਮੌਜੂਦ ਸਨ।
ਕੈਪਸ਼ਨ : ਡਿਪਟੀ ਡਾਇਰੈਕਟਰ ਬਾਗਬਾਨੀ ਡਾ. ਨਿਰਵੰਤ ਸਿੰਘ ਪਿੰਡ ਵਜੀਦਪੁਰ ਵਿਖੇ ਫਲਦਾਰ ਬੂਟੇ ਲਗਾਉਂਦੇ ਹੋਏ।
Please Share This News By Pressing Whatsapp Button