ਪਰਾਲੀ ਪ੍ਰਬੰਧਨ ਸਬੰਧੀ ਪਿੰਡ ਖੇੜਾ ਗੱਜੂ ਵਿਖੇ ਜਾਗਰੂਕਤਾ ਕੈਂਪ ਲਗਾਇਆ
ਪਟਿਆਲਾ (ਰਾਜਪੁਰਾ), 24 ਸਤੰਬਰ:(ਬਲਵਿੰਦਰ ਪਾਲ )
ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਸਬੰਧੀ ਜਾਣਕਾਰੀ ਦੇਣ ਲਈ ਪਿੰਡ ਖੇੜਾ ਗੱਜੂ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਖੇਤੀਬਾੜੀ ਵਿਕਾਸ ਅਫ਼ਸਰ ਡਾ. ਅਮਨਪ੍ਰੀਤ ਸਿੰਘ ਨੇ ਕਿਸਾਨਾਂ ਨੂੰ ਪਰਾਲੀ ਸਾੜਨ ਨਾਲ ਹੋਣ ਵਾਲੇ ਨੁਕਸਾਨ ਪ੍ਰਤੀ ਸੁਚੇਤ ਕਰਦਿਆ ਦੱਸਿਆ ਕਿ ਜਿਥੇ ਪਰਾਲੀ ਦਾ ਧੂੰਆਂ ਵਾਤਾਵਰਣ ਨੂੰ ਗੰਧਲਾ ਕਰਕੇ ਕਈ ਬਿਮਾਰੀਆਂ ਨੂੰ ਜਨਮ ਦਿੰਦਾ ਹੈ, ਉਥੇ ਹੀ ਮਿੱਟੀ ਦੀ ਸਿਹਤ ਨੂੰ ਵੀ ਵੱਡਾ ਨੁਕਸਾਨ ਹੁੰਦਾ ਹੈ।
ਖੇਤੀਬਾੜੀ ਵਿਕਾਸ ਅਫ਼ਸਰ ਨੇ ਕਿਸਾਨਾਂ ਨੂੰ ਜਾਗਰੂਕ ਕਰਦਿਆ ਦੱਸਿਆ ਕਿ ਪਰਾਲੀ ਵਿੱਚ ਬਹੁਤ ਸਾਰੇ ਕੀਮਤੀ ਤੱਤ ਹੁੰਦੇ ਹਨ, ਜਿਨ੍ਹਾਂ ਨੂੰ ਵਾਪਸ ਖੇਤ ਵਿਚ ਸਾਂਭਣ ਦੀ ਲੋੜ ਹੈ, ਬਹੁਤ ਸਾਰੇ ਕਿਸਾਨ ਪਿਛਲੇ ਕਈ ਸਾਲਾਂ ਤੋ ਪਰਾਲੀ ਖੇਤ ਵਿੱਚ ਹੀ ਸਾਂਭ ਰਹੇ ਹਨ ਅਤੇ ਇਸ ਸੰਭਾਲ ਦੇ ਲਾਭ ਉਨ੍ਹਾਂ ਦੇ ਖੇਤ ਦੀ ਸਿਹਤ ਤੋਂ ਪ੍ਰਤੱਖ ਰੂਪ ਵਿਚ ਦਿਸਦੇ ਹਨ, ਪਰਾਲੀ ਨੂੰ ਸਾਂਭਣ ਨਾਲ ਜਿਥੇ ਖੇਤ ਵਿਚ ਖਾਦ ‘ਤੇ ਹੋਣ ਵਾਲਾ ਖਰਚਾ ਘਟਦਾ ਹੈ, ਉਥੇ ਮਿੱਤਰ ਕੀੜਿਆਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਹੈ, ਜਿਸ ਨਾਲ ਕੀੜੇ ਮਾਰ ਦਵਾਈਆਂ ਦੀ ਸਪਰੇਅ ਦੀ ਜ਼ਰੂਰਤ ਘੱਟ ਪੈਂਦੀ ਹੈ। ਇਸ ਮੌਕੇ ਉਨ੍ਹਾਂ ਹੈਪੀ ਸੀਡਰ, ਸੁਪਰ ਸੀਡਰ ਤੇ ਮਲਚਰ ਵਰਗੀਆਂ ਆਧੁਨਿਕ ਮਸ਼ੀਨਾਂ ਦੀ ਵਰਤੋਂ ਕਰਨ ਲਈ ਵੀ ਕਿਸਾਨਾਂ ਨੂੰ ਪ੍ਰੇਰਿਤ ਕਰਦਿਆ ਕਿਹਾ ਕਿ ਅਜਿਹੇ ਸਾਧਨਾਂ ਦੀ ਵਰਤੋਂ ਕਰਕੇ ਪਰਾਲੀ ਦਾ ਸਹੀ ਪ੍ਰਬੰਧਨ ਕਰਨਾ ਬਹੁਤ ਹੀ ਸੁਖਾਲਾ ਹੋ ਸਕਦਾ ਹੈ।
ਕੈਂਪ ਦੌਰਾਨ ਏ.ਟੀ.ਐਮ. ਜਸਵਿੰਦਰ ਸਿੰਘ ਅਤੇ ਖੇਤੀਬਾੜੀ ਉਪ ਨਿਰੀਖਕ ਅਵਤਾਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵਲੋਂ ਸਬਸਿਡੀ ਤੇ ਦਿੱਤੀਆਂ ਗਈਆਂ ਮਸ਼ੀਨਾਂ ਦੀ ਵਰਤੋਂ ਕਰਕੇ ਖੇਤਾਂ ਵਿਚ ਪਰਾਲੀ ਸੁਚੱਜੀ ਸੰਭਾਲ ਕਰਨ।
Please Share This News By Pressing Whatsapp Button