ਪਰਾਲੀ ਸਬੰਧੀ ਸਮੱਸਿਆਵਾਂ ਘਰ ਬੈਠਿਆਂ ਹੋਣਗੀਆਂ ਹੱਲ-ਡਾ ਕੁਲਵੀਰ ਸਿੰਘ
ਮਲੇਰਕੋਟਲਾ 25 ਸਤੰਬਰ :
ਪੰਜਾਬ ਸਰਕਾਰ ਨੇ ਪਰਾਲੀ ਨੂੰ ਅੱਗ ਲਾਉਣ ਦੇ ਰੁਝਾਨ ਨੂੰ ਰੋਕਣ ਅਤੇ ਇਸ ਦੇ ਯੋਗ ਪ੍ਰਬੰਧਨ ਲਈ ਨਵਾਂ ਉਪਰਾਲਾ ਕਰਦਿਆਂ ਐਮ-ਸੰਵਾਦ (ਮੋਬਾਇਲ ਸੰਵਾਦ) ਦੀ ਸ਼ੁਰੂਆਤ ਕੀਤੀ ਹੈ। ਇਹ ਜਾਣਕਾਰੀ ਦਿੰਦਿਆਂ ਖੇਤੀਬਾੜੀ ਵਿਕਾਸ ਅਫ਼ਸਰ ਅਹਿਮਦਗੜ੍ਹ ਡਾਕਟਰ ਕੁਲਵੀਰ ਸਿੰਘ ਨੇ ਦੱਸਿਆ ਕਿ ਇਸ ਮੋਬਾਇਲ ਸੰਵਾਦ ਨਾਲ ਕਿਸਾਨਾਂ ਦੀਆਂ ਪਰਾਲੀ ਸਬੰਧੀ ਸਮੱਸਿਆਵਾਂ ਦਾ ਹੱਲ ਘਰ ਬੈਠੇ ਹੀ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਉਪਰਾਲੇ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਵੱਲੋਂ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਨਾਲ ਸਬੰਧਿਤ ਵਿਸ਼ਿਆਂ ‘ਤੇ 30 ਸਤੰਬਰ ਅਤੇ 5 ਅਕਤੂਬਰ ਨੂੰ ਬਾਅਦ ਦੁਪਹਿਰ 3 ਵਜੇ ਤੋਂ 3.45 ਵਜੇ ਤੱਕ ਵੱਖ-ਵੱਖ ਪ੍ਰੋਗਰਾਮ ਕਰਵਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ 30 ਸਤੰਬਰ ਨੂੰ ਮਸ਼ੀਨਰੀ ਦੀ ਸੁਚੱਜੀ ਵਰਤੋਂ ਅਤੇ 5 ਅਕਤੂਬਰ ਨੂੰ ਕੀੜਿਆਂ ਦੀ ਰੋਕਥਾਮ ਸਬੰਧੀ ਪ੍ਰੋਗਰਾਮ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਹਰੇਕ ਪ੍ਰੋਗਰਾਮ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਆਪਣੇ ਮੋਬਾਇਲ ਫ਼ੋਨ ਤੋਂ 78786-91010 ਨੰਬਰ ‘ਤੇ ਮਿਸ ਕਾਲ ਕਰਕੇ ਰਜਿਸਟਰ ਹੋਣ ਦਾ ਸੰਦੇਸ਼ ਪ੍ਰਾਪਤ ਕਰਨਾ ਹੋਵੇਗਾ। ਉਨ੍ਹਾਂ ਦੱਸਿਆ ਕਿ ਮਿੱਥੀ ਤਰੀਕ ਨੂੰ ਨਿਰਧਾਰਿਤ ਸਤੇਂ ‘ਤੇ (ਬਾਅਦ ਦੁਪਹਿਰ 3 ਵਜੇ) ਆਈ ਟੈਲੀਫ਼ੋਨ ਕਾਲ ਅਟੈਂਡ ਕਰਨ ‘ਤੇ ਉਹ ਪ੍ਰੋਗਰਾਮ ਨਾਲ ਜੁੜ ਜਾਣਗੇ।
ਉਨ੍ਹਾਂ ਜ਼ਿਲ੍ਹੇ ਦੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਪ੍ਰੋਗਰਾਮ ਨਾਲ ਜੁੜ ਕੇ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ। ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨ ਕਾਲ ਸੈਂਟਰ ਦੇ ਟੋਲ ਫਰੀ ਨੰਬਰ 1800-180-1551 ਉੱਤੇ ਸਵੇਰੇ 6 ਵਜੇ ਤੋਂ ਸ਼ਾਮ 10 ਵਜੇ ਤੱਕ ਖੇਤੀਬਾੜੀ ਸਬੰਧੀ ਕੋਈ ਵੀ ਸਲਾਹ ਲਈ ਜਾ ਸਕਦੀ ਹੈ।
Please Share This News By Pressing Whatsapp Button