ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਮਾਣਕਵਾਲ ਅਤੇ ਤੱਖਰ ਖੁਰਦ ਵਿਖੇ ਕਿਸਾਨ ਜਾਗਰੂਕਤਾ ਕੈਂਪ
ਮਲੇਰਕੋਟਲਾ /ਅਹਿਮਦਗੜ੍ਹ01 ਅਕਤੂਬਰ :
ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਬਲਾਕ ਅਹਿਮਦਗੜ੍ਹ ਵੱਲੋਂ ਪਿੰਡ ਮਾਣਕਵਾਲ ਅਤੇ ਤੱਖਰ ਖੁਰਦ ਵਿਖੇ ਕਿਸਾਨ ਜਾਗਰੂਕਤਾ ਕੈਂਪ ਆਯੋਜਿਤ ਕੀਤੇ ਗਏ।ਇਸ ਦੌਰਾਨ ਖੇਤੀਬਾੜੀ ਵਿਕਾਸ ਅਫਸਰ ਬਲਾਕ ਅਹਿਮਦਗੜ੍ਹ ਡਾ. ਕੁਲਬੀਰ ਸਿੰਘ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੇ ਨੁਕਸਾਨਾਂ ਬਾਰੇ ਦੱਸਿਆ ਅਤੇ ਕਿਸਾਨਾਂ ਨੂੰ ਪਰਾਲੀ ਨੂੰ ਬਿਨਾਂ ਅੱਗ ਲਗਾਏ ਖੇਤ ਵਿੱਚ ਨਿਪਟਾਰਾ ਕਰਨ ਵਾਲੀਆਂ ਤਕਨੀਕਾਂ ਤੋਂ ਜਾਣੂ ਕਰਵਾਇਆ ਅਤੇ ਇਸ ਸੰਬੰਧੀ ਵਿਭਾਗ ਦੀਆਂ ਚੱਲ ਰਹੀਆਂ ਸਕੀਮਾਂ ਅਤੇ ਵੱਖ ਵੱਖ ਮਸ਼ੀਨਾਂ ਉੱਪਰ ਸਬਸਿਡੀਆਂ ਬਾਰੇ ਵਿਸਥਾਰਪੂਰਵਕ ਦੱਸਿਆ।
ਜਾਗਰੂਕਤਾ ਕੈਂਪ ਦੌਰਾਨ ਡਾ. ਅਨਮੋਲਦੀਪ ਸਿੰਘ ਨੇ ਕਿਸਾਨਾਂ ਨਾਲ ਝੋਨੇ ਦੇ ਕੀੜੇ-ਮਕੌੜਿਆਂ ਅਤੇ ਬਿਮਾਰੀਆਂ ਸੰਬੰਧੀ ਤਕਨੀਕੀ ਜਾਣਕਾਰੀ ਸਾਂਝੀ ਕੀਤੀ ਅਤੇ ਸਿਫ਼ਾਰਸ਼-ਸ਼ੁਦਾ ਖੇਤੀ ਜ਼ਹਿਰਾਂ ਦੀ ਸਪਰੇਅ ਖੇਤੀ ਮਾਹਿਰਾਂ ਦੀ ਸਲਾਹ ਅਨੁਸਾਰ ਹੀ ਕਰਨ ਦੀ ਅਪੀਲ ਕੀਤੀ।ਇਸ ਤੋਂ ਇਲਾਵਾ ਪੀ.ਏ.ਯੂ ਵੱਲੋਂ ਸਿਫ਼ਾਰਸ਼ ਕਣਕ ਦੀਆਂ ਨਵੀਂਆਂ ਕਿਸਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਕਣਕ ਦੇ ਬੀਜ ਨੂੰ ਸੋਧਣ ਦੇ ਤਰੀਕਿਆਂ ਬਾਰੇ ਵੀ ਦੱਸਿਆ।ਕੈਂਪਾਂ ਦੌਰਾਨ ਡਾ. ਰਾਕੇਸ਼ ਕੁਮਾਰ ਨੇ ਪੀ.ਏ.ਯੂ ਦੀਆਂ ਸਿਫ਼ਾਰਸ਼ਾਂ ਅਪਣਾਉਂਦੇ ਹੋਏ ਖੇਤੀ ਖ਼ਰਚੇ ਘਟਾਉਣ ਸੰਬੰਧੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਨਾਲ ਹੀ ਮਿੱਟੀ ਅਤੇ ਪਾਣੀ ਦੀ ਪਰਖ ਲਈ ਸੈਂਪਲ ਲੈਣ ਦੇ ਢੰਗ ਅਤੇ ਮਹੱਤਤਾ ਬਾਰੇ ਜਾਗਰੂਕ ਕੀਤਾ।
ਬੀ.ਟੀ.ਐਮ ਸ੍ਰੀ ਮੁਹੰਮਦ ਜਮੀਲ ਨੇ ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਅਪਣਾਉਣ, ਪਾਣੀ ਦੀ ਸੁਚੱਜੀ ਵਰਤੋਂ ਅਤੇ ਜ਼ਿਆਦਾ ਤੋਂ ਜ਼ਿਆਦਾ ਰੁੱਖ ਲਗਾਉਣ ਲਈ ਜਾਗਰੂਕ ਕੀਤਾ।ਕੈਂਪ ਵਿੱਚ ਕਿਸਾਨਾਂ ਨੂੰ ਪੰਜਾਬ ਸਰਕਾਰ ਦੁਆਰਾ ਜਾਰੀ ਕੀਤੀ ਆਈ-ਖੇਤ ਐਪ ਰਾਹੀਂ ਉਪਲਬਧ ਮਸ਼ੀਨਰੀ ਦੀ ਜ਼ਿਆਦਾ ਤੋਂ ਜ਼ਿਆਦਾ ਵਰਤੋਂ ਕਰਕੇ ਪਰਾਲੀ ਬਿਨਾਂ ਜਲਾਏ ਖੇਤ ਵਿੱਚ ਹੀ ਮਿਲਾਉਣ ਲਈ ਪ੍ਰੇਰਿਆ ਗਿਆ।ਇਸ ਦੌਰਾਨ ਕਿਸਾਨਾਂ ਨੇ ਆਪਣੀਆਂ ਫ਼ਸਲਾਂ ਨਾਲ ਸੰਬੰਧਿਤ ਸਵਾਲ ਵੀ ਪੁੱਛੇ।ਇਹਨਾਂ ਕੈਂਪਾਂ ਦਾ ਪ੍ਰਬੰਧ ਵਿਭਾਗ ਦੇ ਕਰਮਚਾਰੀ ਮਨਦੀਪ ਸਿੰਘ ਅਤੇ ਗੁਰਦੀਪ ਸਿੰਘ ਏ.ਟੀ.ਐਮ ਦੁਆਰਾ ਕੀਤਾ ਗਿਆ।
Please Share This News By Pressing Whatsapp Button