ਮੁੜ ਕੈਬਨਿਟ ਮੰਤਰੀ ਚੁਣੇ ਜਾਣ ਉਪਰੰਤ ਪਹਿਲੀ ਵਾਰ ਸੰਗਰੂਰ ਪਰਤੇ ਵਿਜੈ ਇੰਦਰ ਸਿੰਗਲਾ ਘਰ ਜਾਣ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਨਾਨਕਿਆਣਾ ਸਾਹਿਬ ਹੋਏ ਨਤਮਸਤਕ
ਸੰਗਰੂਰ, 2 ਅਕਤੂਬਰ: ਪੰਜਾਬ ਸਰਕਾਰ ਵਿੱਚ ਮੁੜ ਕੈਬਨਿਟ ਮੰਤਰੀ ਚੁਣੇ ਜਾਣ ਉਪਰੰਤ ਪਹਿਲੀ ਵਾਰ ਸੰਗਰੂਰ ਪਰਤੇ ਸ੍ਰੀ ਵਿਜੈ ਇੰਦਰ ਸਿੰਗਲਾ ਆਪਣੇ ਘਰ ਜਾਣ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਨਾਨਕਿਆਣਾ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਸੰਗਰੂਰ ਹਲਕੇ ਦੀਆਂ ਪੰਚਾਇਤਾਂ ਦੇ ਨੁਮਾਇੰਦਿਆਂ ਤੇ ਹੋਰ ਮੋਹਤਬਰ ਸੱਜਣਾਂ ਵੱਲੋਂ ਸ਼੍ਰੀ ਵਿਜੈ ਇੰਦਰ ਸਿੰਗਲਾ ਨੂੰ ਸਿਰੋਪਾਓ ਨਾਲ ਸਨਮਾਨਿਤ ਵੀ ਕੀਤਾ ਗਿਆ। ਇਸਦੇ ਨਾਲ ਹੀ ਗੁਰਦੁਆਰਾ ਸਾਹਿਬ ਦੇ ਮੈਨੇਜਰ ਵੱਲੋਂ ਵੀ ਸ਼੍ਰੀ ਸਿੰਗਲਾ ਨੂੰ ਐਸ.ਜੀ.ਪੀ.ਸੀ. ਵੱਲੋਂ ਸਿਰੋਪਾਓ ਦੀ ਬਖ਼ਸ਼ਿਸ਼ ਕੀਤੀ ਗਈ।
ਸੰਗਤ ਵੱਲੋਂ ਹਲਕੇ ਤੇ ਕੈਬਨਿਟ ਮੰਤਰੀ ਦੀ ਚੜ੍ਹਦੀਕਲਾ ਲਈ ਗੁਰਦੁਆਰਾ ਨਾਨਕਿਆਣਾ ਸਾਹਿਬ ਦੇ ਨਾਲ-ਨਾਲ ਪਿੰਡ ਚੰਨੋ, ਬਾਲਦ ਕਲਾਂ, ਫੱਗੂਵਾਲਾ ਤੇ ਭਵਾਨੀਗੜ੍ਹ ਵਿਖੇ ਵੀ ਅਜਿਹੇ ਸਮਾਗਮ ਕਰਵਾ ਕੇ ਅਰਦਾਸਾਂ ਕੀਤੀਆਂ ਗਈਆਂ।
ਇਸ ਮੌਕੇ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਸਮਾਜ ਦੇ ਸਮੂਹ ਵਰਗਾਂ ਦੇ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇੱਕ ਵਾਰ ਮੁੜ ਕੈਬਨਿਟ ਮੰਤਰੀ ਚੁਣੇ ਜਾਣ ਤੋਂ ਬਾਅਦ ਹੁਣ ਉਹ ਸੰਗਰੂਰ ਹਲਕੇ ਦੇ ਵਿਕਾਸ ਲਈ ਪਹਿਲਾਂ ਨਾਲ਼ੋਂ ਵੀ ਦੁੱਗਣੇ ਜੋਸ਼ ਨਾਲ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਸੰਗਰੂਰ ਅੰਦਰ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਚੱਲ ਰਹੇ ਹਨ ਅਤੇ ਇਨ੍ਹਾਂ ਵਿਕਾਸ ਕਾਰਜਾਂ ਲਈ ਪੈਸੇ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਸ਼੍ਰੀ ਸਿੰਗਲਾ ਨੇ ਕਿਹਾ ਕਿ ਹਲਕਾ ਵਸਨੀਕਾਂ ਵੱਲੋਂ ਦਿੱਤੀ ਗਈ ਜ਼ੁੰਮੇਵਾਰੀ ਨੂੰ ਉਹ ਮੁੱਢੋਂ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਂਦੇ ਆ ਰਹੇ ਹਨ ਅਤੇ ਭਵਿੱਖ ‘ਚ ਵੀ ਹਰ ਖੇਤਰ ‘ਚ ਸੰਗਰੂਰ ਨੂੰ ਮੋਹਰੀ ਹਲਕਾ ਬਣਾਉਣ ‘ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਸਕੂਲ ਸਿੱਖਿਆ ਦੇ ਖੇਤਰ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣ ਕੇ ਉੱਭਰਿਆ ਹੈ ਜੋ ਸਾਬਤ ਕਰਦਾ ਹੈ ਕਿ ਹਲਕੇ ਦੇ ਨਾਲ-ਨਾਲ ਉਨ੍ਹਾਂ ਆਪਣੇ ਮਹਿਕਮਿਆਂ ‘ਚ ਵੀ ਪੂਰੀ ਤਨਦੇਹੀ ਨਾਲ ਜ਼ੁੰਮੇਵਾਰੀ ਨਿਭਾਈ ਹੈ।
ਇਸ ਮੌਕੇ ਸੰਗਰੂਰ ਦੇ ਪਿੰਡਾਂ ਦੀਆਂ ਪੰਚਾਇਤਾਂ ਦੇ ਨੁਮਾਇੰਦੇ, ਕਾਂਗਰਸੀ ਲੀਡਰਸ਼ਿਪ ਤੇ ਵਰਕਰ ਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
Please Share This News By Pressing Whatsapp Button