ਸਵੱਛ ਸਰਵੇਖਣ ਗ੍ਰਾਮੀਣ 2021 ਸਵੱਛ ਸਰਵੇਖਣ ਗ੍ਰਾਮੀਣ ਨੂੰ ਸਫਲ ਬਣਾਉਣ ਲਈ ਸਬੰਧਤ ਵਿਭਾਗ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ : ਡਾ. ਪ੍ਰੀਤੀ ਯਾਦਵ
ਪਟਿਆਲਾ, 6 ਅਕਤੂਬਰ:(ਬਲਵਿੰਦਰ ਪਾਲ )
ਭਾਰਤ ਸਰਕਾਰ ਵੱਲੋਂ ਪਿੰਡਾਂ ਨੂੰ ਸਵੱਛਤਾ ਦੇ ਆਧਾਰ ‘ਤੇ ਕੌਮੀ ਰੈਕਿੰਗ ਦੇਣ ਲਈ ਗਿਣਾਤਮਕ ਅਤੇ ਗੁਣਾਤਮਕ ਸਰਵੇ ਸ਼ੁਰੂ ਕੀਤਾ ਜਾ ਚੁੱਕਾ ਹੈ। ਪਟਿਆਲਾ ਜ਼ਿਲ੍ਹੇ ਦੇ ਪਿੰਡਾਂ ਦੇ ਹੋਣ ਵਾਲੇ ਸਵੱਛਤਾ ਸਰਵੇ ਦੀਆਂ ਤਿਆਰੀ ਲਈ ਅੱਜ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸਰਵੇ ਦੀਆਂ ਤਿਆਰੀਆਂ ਸਬੰਧੀ ਵਿਭਾਗਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਐਸ.ਐਸ.ਜੀ. 2021 ਅਧੀਨ ਵੱਖ-ਵੱਖ ਖੇਤਰਾਂ ਜਿਵੇਂ ਸਵੈ ਰਿਪੋਰਟਿੰਗ, ਸਿੱਧੀ ਨਿਗਰਾਨੀ ਅਤੇ ਸਿਟੀਜਨ ਫੀਡਬੈਕ ਦੇ ਆਧਾਰ ‘ਤੇ ਜ਼ਿਲ੍ਹੇ ਨੂੰ ਅੰਕ ਦਿੱਤੇ ਜਾਣਗੇ। ਉਹਨਾਂ ਦੱਸਿਆ ਕਿ ਇਹ ਸਰਵੇਖਣ ਪਟਿਆਲਾ ਜ਼ਿਲ੍ਹੇ ‘ਚ 25 ਅਕਤੂਬਰ ਨੂੰ ਕੀਤਾ ਜਾਵੇਗਾ। ਉਹਨਾਂ ਨੇ ਸਿਟੀਜਨ ਫੀਡ ਬੈਕ ‘ਤੇ ਜੋਰ ਦਿੱਤਾ ਜੋ ਕਿ ਐਸ.ਐਸ.ਜੀ. 2021 ਦਾ ਇੱਕ ਅਹਿਮ ਹਿੱਸਾ ਹੈ।
ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਸਰਵੇਖਣ ਟੀਮ ਵੱਲੋਂ ਹਰੇਕ ਚੁਣੇ ਹੋਏ ਪਿੰਡ ਵਿੱਚੋਂ 10 ਘਰਾਂ ਅਤੇ 5 ਜਨਤਕ ਸਥਾਨਾਂ ਦਾ ਵੱਖ-ਵੱਖ ਸਵੱਛ ਮਾਪਦੰਡਾਂ ਦੇ ਆਧਾਰ ‘ਤੇ ਮੁਲਾਂਕਣ ਕੀਤਾ ਜਾਵੇਗਾ। ਐਸ.ਐਸ.ਜੀ. 2021 ਦਾ ਮੁੱਖ ਉਦੇਸ ਜਿਲ੍ਹਿਆਂ ਅਤੇ ਸੂਬਿਆਂ ਦੀ ਤੁਲਨਾ ਵਿੱਚ ਵੱਡੇ ਪੱਧਰ ‘ਤੇ ਨਾਗਰਿਕ ਭਾਗੀਦਾਰੀ ਨੂੰ ਉਤਸਾਹਿਤ ਕਰਨਾ, ਜਮੀਨੀ ਪੱਧਰ ‘ਤੇ ਸਵੱਛਤਾ ਦੀ ਪ੍ਰਗਤੀ ਦਾ ਜਾਇਜ਼ਾ ਲੈਣਾ, ਨਾਗਰਿਕਾਂ ਤੋਂ ਫੀਡਬੈਕ ਦੀ ਮੰਗ ਕਰਨਾ ਅਤੇ ਜਿਲ੍ਹਿਆਂ ਵਿੱਚ ਠੋਸ ਅਤੇ ਤਰਲ ਰਹਿੰਦ-ਖੂੰਹਦ ਪ੍ਰਬੰਧਨ ਦੇ ਲਾਗੂਕਰਨ ਦਾ ਮੁਲਾਂਕਣ ਕਰਨਾ ਹੈ।
ਉਹਨਾਂ ਐਸਐਸਜੀ 2021 ਦੀ ਜ਼ਮੀਨੀ ਪੱਧਰ ‘ਤੇ ਸਫ਼ਲਤਾ ਲਈ ਜ਼ਿਲ੍ਹਾ ਪ੍ਰਸਾਸ਼ਨ ਦੇ ਨਾਲ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਅਤੇ ਹੋਰ ਭਾਈਵਾਲ ਵਿਭਾਗਾਂ, ਗ੍ਰਾਮ ਪੰਚਾਇਤਾਂ ਦੇ ਸਮੂਹਿਕ ਯਤਨਾਂ ਦੀ ਲੋੜ ‘ਤੇ ਜ਼ੋਰ ਦਿੱਤਾ। ਉਹਨਾਂ ਇਹ ਵੀ ਦੁਹਰਾਇਆ ਕਿ ਸਿਟੀਜਨ ਫੀਡਬੈਕ ਇਸ ਸਰਵੇਖਣ ਦਾ ਸਭ ਤੋਂ ਮਹੱਤਵਪੂਰਨ ਅੰਗ ਹੈ ਅਤੇ ਜਿਲ੍ਹੇ ‘ਚ ਇਸ ਸਬੰਧੀ ਵਿਆਪਕ ਜਾਗਰੂਕਤਾ ਮੁਹਿੰਮ ਚਲਾਉਣ ਦੀ ਜ਼ਰੂਰਤ ਹੈ ਤਾਂ ਜੋ ਇਸ ਨੂੰ ਲੋਕ ਲਹਿਰ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਫੀਡਬੈਕ ਲਈ ਐਡਰਾਇਡ ਫੋਨ ਅਤੇ ਓ.ਐਸ. ਓਪਰੇਟਿੰਗ ਸਿਸਟਮ ‘ਤੇ ਐਸ.ਐਸ.ਜੀ.2021 ਐਪ ਉਪਲਬਧ ਹੈ, ਇਸ ਸਬੰਧੀ ਵੱਧ ਤੋਂ ਵੱਧ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਵੇ।
ਇਸ ਮੌਕੇ ਜ਼ਿਲ੍ਹਾ ਸੈਨੀਟੇਸ਼ਨ ਅਫ਼ਸਰ ਪ੍ਰਭਲੀਨ ਸਿੰਘ ਧੰਜੂ ਨੇ ਸਵੱਛਤਾ ਸਰਵੇਖਣ ਸਮੇਂ ਧਿਆਨ ਦੇਣ ਯੋਗ ਤੱਥਾਂ ਸਬੰਧੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਸਮੂਹ ਵਿਭਾਗਾਂ ਦੇ ਸਹਿਯੋਗ ਨਾਲ ਸਵੱਛ ਸਰਵੇਖਣ ਗ੍ਰਾਮੀਣ 2021 ‘ਚ ਪਟਿਆਲਾ ਜ਼ਿਲ੍ਹੇ ਦੀ ਰੈਕਿੰਗ ਨੂੰ ਮੁਹਰਲੀ ਕਤਾਰ ‘ਚ ਲਿਆਂਦਾ ਜਾ ਸਕਦਾ ਹੈ।
Please Share This News By Pressing Whatsapp Button