ਬਾਗਬਾਨੀ ਵਿਭਾਗ ਵੱਲੋਂ ਫਲਦਾਰ ਬੂਟਿਆਂ ਹੇਠ ਰਕਬਾ ਵਧਾਉਣ ਲਈ ਨਿਵੇਕਲਾ ਉਪਰਾਲਾ
ਪਟਿਆਲਾ, 6 ਅਕਤੂਬਰ:(ਬਲਵਿੰਦਰ ਪਾਲ )
ਬਾਗਬਾਨੀ ਵਿਭਾਗ ਵੱਲੋਂ ਫਲਦਾਰ ਬੂਟਿਆਂ ਹੇਠ ਰਕਬਾ ਵਧਾਉਣ ਲਈ ਲਗਾਤਾਰ ਕੀਤੇ ਜਾ ਰਹੇ ਉਪਰਾਲਿਆਂ ਦੀ ਲੜੀ ਤਹਿਤ ਹੁਣ ਮਨਰੇਗਾ ਸਕੀਮ ਅਧੀਨ ਵਿਭਾਗ ਵੱਲੋਂ ਦੇਸੀ ਫਲਦਾਰ ਬੂਟੇ ਤਿਆਰ ਕਰਕੇ ਪੰਚਾਇਤਾਂ, ਸੰਸਥਾਵਾਂ, ਸਕੂਲਾਂ ਤੇ ਕਾਲਜਾਂ ਨੂੰ ਮੁਫ਼ਤ ਬੂਟੇ ਵੰਡਣ ਦਾ ਉਪਰਾਲਾ ਸ਼ੁਰੂ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਡਿਪਟੀ ਡਾਇਰੈਕਟਰ ਬਾਗਬਾਨੀ ਡਾ. ਸਵਰਨ ਸਿੰਘ ਮਾਨ ਨੇ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਨਰੇਗਾ ਸਕੀਮ ਅਧੀਨ ਦੇਸੀ ਫਲਦਾਰ ਬੂਟੇ ਜਿਵੇਂ ਜਾਮਣ, ਬਿਲ, ਆਂਵਲਾ, ਲੁਕਾਠ, ਕਾਗ਼ਜ਼ੀ ਨਿੰਬੂ, ਅਮਰੂਦ, ਅੰਬ, ਕਰੌਂਦਾ, ਅਲੂਚਾ, ਸੁਹਜੱਣਾ ਆਦਿ ਬੂਟੇ ਤਿਆਰ ਕੀਤੇ ਗਏ ਹਨ ਜੋ ਪਟਿਆਲਾ ਜ਼ਿਲ੍ਹੇ ਦੀਆਂ ਸਮੂਹ ਪੰਚਾਇਤਾਂ, ਐਨ.ਜੀ.ਓ, ਸੰਸਥਾਵਾਂ, ਸਕੂਲਾਂ ਤੇ ਕਾਲਜਾਂ ਨੂੰ ਮੁਫ਼ਤ ਮੁਹੱਈਆ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜਿਹੜੀਆਂ ਪੰਚਾਇਤਾਂ ਜਾ ਸੰਸਥਾਵਾਂ ਬੂਟੇ ਲੈਕੇ ਜਾਣਾ ਚਾਹੁੰਦੀਆਂ ਹਨ ਉਹ ਆਪਣੀ ਸੰਸਥਾਵਾਂ ਦੇ ਲੈਟਰ ਹੈੱਡ ‘ਤੇ ਡਿਪਟੀ ਡਾਇਰੈਕਟਰ ਬਾਗਬਾਨੀ, ਪਟਿਆਲਾ ਦੇ ਨਾਂ ‘ਤੇ ਬੂਟਿਆਂ ਦੀ ਮੰਗ ਕਰ ਸਕਦੀਆਂ ਹਨ।
ਡਾ. ਸਵਰਨ ਸਿੰਘ ਮਾਨ ਨੇ ਦੱਸਿਆ ਕਿ ਉਕਤ ਬੂਟੇ ‘ਪਹਿਲਾ ਆਓ ਪਹਿਲਾ ਪਾਓ’ ਦੇ ਅਧਾਰ ‘ਤੇ ਦਿੱਤੇ ਜਾਣਗੇ ਅਤੇ ਇਹ ਬੂਟੇ ਸਰਕਾਰੀ ਬਾਗ ਅਤੇ ਨਰਸਰੀ ਵਜੀਦਪੁਰ, ਸਰਕਾਰੀ ਬਾਗ ਭੇਡਪੁਰ ਅਤੇ ਸਰਕਾਰੀ ਬਾਗ ਢੀਂਗੀ ਵਿਖੇ ਉਪਲਬਧ ਹਨ। ਉਨ੍ਹਾਂ ਸਮੂਹ ਸੰਸਥਾਵਾਂ ਨੂੰ ਇਸ ਮੌਕੇ ਦਾ ਲਾਭ ਉਠਾਉਣ ਦੀ ਅਪੀਲ ਕਰਦਿਆ ਕਿਹਾ ਕਿ ਦੇਸੀ ਫਲਦਾਰ ਬੂਟੇ ਜੋ ਵਾਤਾਵਰਣ ਦੇ ਅਨੁਕੂਲ ਹਨ, ਉਨ੍ਹਾਂ ਹੇਠ ਰਕਬਾ ਵਧਾਉਣ ਲਈ ਅਜਿਹੇ ਬੂਟੇ ਵੱਧ ਤੋਂ ਵੱਧ ਲਗਾਏ ਜਾਣ ਤਾਂ ਜੋ ਸਾਨੂੰ ਤੇ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਸਾਫ਼ ਸੁਥਰੇ ਵਾਤਾਵਰਣ ਸਮੇਤ ਪੌਸ਼ਟਿਕ ਫਲ ਵੀ ਪ੍ਰਾਪਤ ਹੋ ਸਕਣ।
Please Share This News By Pressing Whatsapp Button