ਗੁਰੂ ਅਰਜਨ ਦੇਵ ਕੁਸ਼ਟ ਆਸ਼ਰਮ ਸੰਗਰੂਰ ਵਿਖੇ ਕੁਸ਼ਟ ਰੋਗੀਆਂ ਦੀ ਜਾਂਚ ਅਤੇ ਇਲਾਜ ਕੀਤਾ
ਸੰਗਰੂਰ, 07 ਅਕਤੂਬਰ:
ਕਾਰਜਕਾਰੀ ਸਿਵਲ ਸਰਜਨ ਡਾ. ਜਗਮੋਹਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨੈਸ਼ਨਲ ਲੈਪਰੋਸੀ ਇਰੈਡੀਕੇਸ਼ਨ ਪ੍ਰੋਗਰਾਮ ਅਧੀਨ ਜਿਲ੍ਹਾ ਲੈਪਰੋਸੀ ਅਫਸਰ ਡਾ. ਅੰਜੂ ਸਿੰਗਲਾ ਅਤੇ ਐਨ. ਐਮ. ਐਸ. ਸ੍ਰੀਮਤੀ ਹਰਪਾਲ ਕੌਰ ਨੇ ਗੁਰੂ ਅਰਜਨ ਦੇਵ ਕੁਸ਼ਟ ਆਸ਼ਰਮ ਸੰਗਰੂਰ ਵਿਖੇ ਕੁਸ਼ਟ ਰੋਗੀਆਂ ਦਾ ਚੈੱਕਅਪ ਅਤੇ ਇਲਾਜ ਕੀਤਾ।
ਡਾ. ਅੰਜੂ ਸਿੰਗਲਾ ਨੇ ਦੱਸਿਆ ਕਿ ਆਸ਼ਰਮ ’ਚ ਰਹਿੰਦੇ ਕੁੱਲ 45 ਰੋਗੀਆਂ ਨੂੰ ਮੈਡੀਕਲ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਕੁਸ਼ਟ ਰੋਗ ਲਾ-ਇਲਾਜ ਨਹੀਂ ਹੈ, ਇਸ ਦਾ ਇਲਾਜ ਸੰਭਵ ਹੈ ਅਤੇ ਮਰੀਜ਼ ਠੀਕ ਹੋ ਕੇ ਆਪਣੀ ਚੰਗੀ ਜ਼ਿੰਦਗੀ ਬਤੀਤ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕੁਸ਼ਟ ਰੋਗੀਆਂ ਦਾ ਹਰ ਸਰਕਾਰੀ ਹਸਪਤਾਲ ਵਿੱਚ ਮੁਫ਼ਤ ਇਲਾਜ ਕੀਤਾ ਜਾਂਦਾ ਹੈ ਜੋ ਕਿ 6 ਮਹੀਨੇ ਤੋਂ 12 ਮਹੀਨੇ ਦਾ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਮਰੀਜ਼ ਨੂੰ ਘਰ ਬੈਠੇ ਹੀ ਆਸ਼ਾ ਵੱਲੋਂ ਦਵਾਈ ਦਿੱਤੀ ਜਾਂਦੀ ਹੈ।
ਡਾ. ਸਿੰਗਲਾ ਨੇ ਦੱਸਿਆ ਕਿ ਚਮੜੀ ’ਤੇ ਹਲਕੇ ਜਾਂ ਲਾਲ ਦਾਗ ਪੈਣੇ, ਦਾਗਾਂ ਵਾਲੀ ਜਗ੍ਹਾ ’ਤੇ ਛੂਹਣ ਦਾ ਪਤਾ ਨਾ ਲੱਗਣਾ ਅਤੇ ਹੱਥ ਪੈਰ ਕਮਜੋਰ ਹੋਣਾ ਇਸ ਰੋਗ ਦੇ ਮੁੱਢਲੇ ਲੱਛਣ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਸਰੀਰ ਤੇ ਅਜਿਹੇ ਲੱਛਣ ਦਿਖਾਈ ਦੇਣ ਤਾਂ ਉਹ ਤੁਰੰਤ ਨੇੜੇ ਦੇ ਸਰਕਾਰੀ ਹਸਪਤਾਲ ਵਿਚ ਡਾਕਟਰ ਤੋਂ ਚੈੱਕਅੱਪ ਕਰਾਵੇ ਤਾਂ ਜੋ ਉਸ ਦਾ ਇਲਾਜ ਸ਼ੁਰੂ ਕੀਤਾ ਜਾ ਸਕੇ।
ਤਸਵੀਰ:
ਗੁਰੂ ਅਰਜਨ ਦੇਵ ਕੁਸ਼ਟ ਆਸ਼ਰਮ ਵਿਖੇ ਕੁਸ਼ਟ ਰੋਗੀਆਂ ਦੀ ਜਾਂਚ ਕਰਦੇ ਹੋਏ ਡਾ. ਅੰਜੂ ਸਿੰਗਲਾ।
Please Share This News By Pressing Whatsapp Button