ਸਰਕਾਰ ਵੱਲੋਂ ਕਿਸਾਨਾਂ ਨੂੰ ਸੋਲਰ ਪਾਵਰ ਪਲਾਂਟ ਸਥਾਪਿਤ ਕਰਨ ਦੀ ਪੇਸ਼ਕਸ਼ – 1 ਤੋਂ 2 ਮੈਗਾਵਾਟ ਤੱਕ ਦੇ ਪਲਾਂਟ ਕੀਤੇ ਜਾ ਸਕਦੇ ਹਨ ਸਥਾਪਿਤ ਸਰਕਾਰ ਖ਼ਰੀਦੇਗੀ ਬਿਜਲੀ
ਮਲੇਰਕੋਟਲਾ 08 ਅਕਤੂਬਰ :
ਪੰਜਾਬ ਸਰਕਾਰ ਨੇ ਪੀ.ਐਮ. ਕੁਸ਼ਮ ਸਕੀਮ ਦੇ ਕੰਪੋਨੈਂਟ ਏ ਅਧੀਨ ਰਾਜ ਦੇ ਕਿਸਾਨਾਂ ਨੂੰ ਇਕ ਸੁਨਹਿਰੀ ਮੌਕਾ ਦਿੰਦਿਆਂ ਗਰਿੱਡ ਕੁਨੈਕਟਿਡ ਸੋਲਰ ਪੀ.ਵੀ. ਪਾਵਰ ਪਲਾਂਟ ਦੀ ਸਥਾਪਨਾ ਦੀ ਪੇਸ਼ਕਸ਼ ਕੀਤੀ ਹੈ।ਇਸ ਸਕੀਮ ਤਹਿਤ ਕੁੱਲ 220 ਮੈਗਾਵਾਟ ਸਮਰੱਥਾ ਦੇ ਸੂਰਜੀ ਊਰਜਾ ਤੇ ਅਧਾਰਿਤ ਪਾਵਰ ਪਲਾਂਟ ਲਗਾਉਣ ਦੀ ਪੇਸ਼ਕਸ਼ ਸਰਕਾਰ ਨੇ ਕੀਤੀ ਹੈ। ਇਹ ਜਾਣਕਾਰੀ ਪੇਡਾ ਦੇ ਜ਼ਿਲ੍ਹਾ ਅਧਿਕਾਰੀ ਸ੍ਰੀ ਗੁਰਮੀਤ ਸਿੰਘ ਨੇ ਦਿੱਤੀ।
ਉਨ੍ਹਾਂ ਆਖਿਆ ਕਿ ਇਸ ਸਕੀਮ ਤਹਿਤ 1, 1.5 ਜਾਂ 2 ਮੈਗਾਵਾਟ ਦੇ ਸੋਲਰ ਪੀ.ਵੀ. ਪਲਾਂਟ ਦੀ ਸਥਾਪਨਾ ਲਈ ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ (ਪੇਡਾ) ਵੱਲੋਂ ਰਾਜ ਦੇ ਚਾਹਵਾਨ ਕਿਸਾਨਾਂ, ਕਿਸਾਨਾਂ ਦੇ ਸਮੂਹਾਂ, ਪੰਚਾਇਤਾਂ, ਸਹਿਕਾਰੀ ਸਭਾਵਾਂ, ਫਾਰਮਰ ਪ੍ਰੋਡਿਊਸਰ ਆਰਗਨਾਈਜ਼ੇਸ਼ਨ ਅਤੇ ਵਾਟਰ ਯੂਜ਼ਰ ਐਸੋਸੀਏਸ਼ਨਾਂ ਤੋਂ ਬਿਨੈ ਪੱਤਰ ਮੰਗੇ ਹਨ। ਉਨ੍ਹਾਂ ਦੱਸਿਆ ਕਿ ਇਸ ਲਈ ਈ-ਰਜਿਸਟ੍ਰੇਸ਼ਨ ਫ਼ੀਸ 2300 ਰੁਪਏ ਅਤੇ ਆਰ.ਐਫ.ਐਸ. ਦਸਤਾਵੇਜ਼/ਪ੍ਰੋਸੈਸਿੰਗ ਫ਼ੀਸ 10 ਹਜ਼ਾਰ ਰੁਪਏ ਹੈ। ਇਕ ਮੈਗਾਵਾਟ ਲਈ 1 ਲੱਖ ਰੁਪਏ 1.5 ਮੈਗਾਵਾਟ ਲਈ 1 ਲੱਖ 50 ਹਜ਼ਾਰ ਰੁਪਏ ਅਤੇ 2 ਮੈਗਾਵਾਟ ਲਈ 2 ਲੱਖ ਰੁਪਏ ਰਕਮ ਬਿਆਨਾਂ ਦੇਣੀ ਹੋਵੇਗੀ। ਇਸ ਲਈ ਬਿਨੈ ਪੱਤਰ, ਨਾਲ ਲੋੜੀਂਦੇ ਦਸਤਾਵੇਜ਼ www.eproc.punjab.gov.in ਤੋਂ ਡਾਊਨਲੋਡ ਕਰਕੇ ਇਸੇ ਵੈੱਬਸਾਈਟ ਤੇ ਜਮ੍ਹਾਂ ਕਰਵਾਏ ਜਾਣੇ ਹਨ। ਆਨਲਾਈਨ ਪੂਰਬ ਬੋਲੀ ਬੈਠਕ 13 ਅਕਤੂਬਰ ਨੂੰ ਬਾਅਦ ਦੁਪਹਿਰ 3 ਵਜੇ ਤੋਂ 4:30 ਵਜੇ ਤੱਕ ਹੋਵੇਗੀ। ਜਿਸ ਦਾ ਲਿੰਕ ਪੇਡਾ ਦੀ ਵੈੱਬਸਾਈਟ ਤੋਂ ਦੇਖਿਆ ਜਾ ਸਕਦਾ ਹੈ। ਦਰਖਾਸਤਾਂ 25 ਅਕਤੂਬਰ 2021 ਨੂੰ ਸ਼ਾਮ 4 ਵਜੇ ਤੱਕ ਜਮ੍ਹਾ ਹੋ ਸਕਦੀਆਂ ਹਨ।
ਪੇਡਾ ਦੇ ਜ਼ਿਲ੍ਹਾ ਅਧਿਕਾਰੀ ਸ੍ਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਪਲਾਂਟ ਵਿਚ ਪੈਦਾ ਕੀਤੀ ਗਈ ਸੋਲਰ ਪਾਵਰ ਨੂੰ ਪੀ.ਐਸ.ਪੀ.ਸੀ.ਐਲ. ਵੱਲੋਂ 25 ਸਾਲਾਂ ਲਈ ਪੂਰਵ ਨਿਰਧਾਰਿਤ ਰੇਟ 2.748 ਪ੍ਰਤੀ ਕੇ. ਡਬਲਿਊ. ਐੱਚ. ਤੇ ਖ਼ਰੀਦਿਆ ਜਾਵੇਗਾ। ਜਿਸ ਬਾਰੇ ਪੰਜਾਬ ਰਾਜ ਬਿਜਲੀ ਨਿਯਾਮਕ ਕਮਿਸ਼ਨ ਵੱਲੋਂ ਅਧਿਸੂਚਿਤ ਕੀਤਾ ਗਿਆ ਹੈ। ਜੇਕਰ ਕਿਸੇ ਵਿਸ਼ੇਸ਼ 66 ਕੇਵੀ ਸਬ ਸਟੇਸ਼ਨ ਲਈ ਪ੍ਰਾਪਤ ਹੋਣ ਵਾਲੀਆਂ ਪਾਤਰ ਦਰਖਾਸਤਾਂ ਦੀ ਕੁੱਲ ਜਮ੍ਹਾ ਸਮਰੱਥਾ, ਸਬੰਧਿਤ ਸਬ ਸਟੇਸ਼ਨ ਤੇ ਕੁਨੈਕਟੀਵਿਟੀ ਲਈ ਅਧਿਸੂਚਿਤ ਸਮਰੱਥਾ ਤੋਂ ਵੱਧ ਹੁੰਦੀ ਹੈ ਤਾਂ ਸੋਲਰ ਪਾਵਰ ਜੈੱਨਰੇਟਰ (ਐਸਪੀਜੀਜ਼) ਦੀ ਚੋਣ ਵਾਸਤੇ ਰਿਵਰਸ ਈ-ਪ੍ਰਤੀਯੋਗੀ ਬੋਲੀ ਦਾ ਆਯੋਜਨ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ (ਪੂਰਵ ਨਿਰਧਾਰਿਤ ਲੈਵਲਾਈਜ਼ਡ ਐਰਿਫ ‘ਤੇ ਰੁਪਏ 2748 ਕੇ ਡਬਲਿਊ ਐੱਚ ਦੀ ਦਰ ਨਾਲ ਡਿਸਕਾਊਂਟ) ਅਤੇ ਟਾਰਗੈਟ ਸਮਰੱਥਾ ਪ੍ਰਾਪਤ ਹੋਣ ਤੱਕ ਵਧਦੇ ਕ੍ਰਮ ਵਿਚ ਘੱਟੋ-ਘੱਟ ਟੈਰਿਫ਼ ਦੀ ਪੇਸ਼ਕਸ਼ ਦੇ ਅਧਾਰ ਤੇ ਐਲੋਕੇਸ਼ਨ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਆਰ.ਐਫ.ਐਸ. ਪ੍ਰਕਿਰਿਆ ਵਿੱਚ ਹਿੱਸਾ ਲੈਣ ਲਈ ਬੋਲੀਕਾਰਾਂ ਨੂੰ ਵੈੱਬਸਾਈਟ ਤੇ ਆਪਣੇ ਆਪ ਨੂੰ ਰਜਿਸਟਰਡ ਕਰਵਾਉਣਾ ਹੋਵੇਗਾ ਅਤੇ ਯੂਜ਼ਰ ਆਈ.ਡੀ. ਪਾਸਵਰਡ ਪ੍ਰਾਪਤ ਕਰਨਾ ਹੋਵੇਗਾ। ਵਧੇਰੇ ਜਾਣਕਾਰੀ ਲਈ 0172-2663328 , 2663382 ਅਤੇ 0172-2791326, 0172-2791226 ਤੇ ਸੰਪਰਕ ਕੀਤਾ ਜਾ ਸਕਦਾ ਹੈ।
Please Share This News By Pressing Whatsapp Button