ਪਰਾਲੀ ਦੀ ਸੁਚੱਜੀ ਸਾਂਭ ਸੰਭਾਲ ਅਤੇ ਹਾੜੀ ਦੀਆਂ ਫ਼ਸਲਾਂ ਸੰਬੰਧੀ ਬਲਾਕ ਪੱਧਰੀ ਕਿਸਾਨ ਜਾਗਰੂਕਤਾ ਕੈਪ ਆਯੋਜਿਤ
ਮਲੇਰਕੋਟਲਾ 10 ਅਕਤੂਬਰ :
ਜ਼ਿਲ੍ਹੇ ਮਲੇਰਕੋਟਲਾ ਦੇ ਬਲਾਕ ਅਹਿਮਦਗੜ੍ਹ ਦੇ ਪਿੰਡ ਰੋਹੀੜਾ ਵਿਖੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਬਲਾਕ ਪੱਧਰੀ ਕੈਂਪ ਲਗਾਇਆ ਗਿਆ।ਇਸ ਕੈਂਪ ਦਾ ਮੁੱਖ ਮੰਤਵ ਝੋਨੇ ਦੀ ਰਹਿੰਦ ਖੂੰਹਦ ਦੀ ਸੁਚੱਜੀ ਸਾਂਭ ਸੰਭਾਲ ਦੇ ਵੱਖ-ਵੱਖ ਢੰਗ ਤਰੀਕਿਆਂ ਅਤੇ ਪਰਾਲੀ ਨੂੰ ਸਾੜਨ ਨਾਲ ਹੋਣ ਵਾਲੇ ਨੁਕਸਾਨਾਂ ਤੋਂ ਜਾਗਰੂਕ ਕਰਨਾ ਸੀ।
ਖੇਤੀਬਾੜੀ ਵਿਕਾਸ ਅਫ਼ਸਰ ਡਾ. ਅਨਮੋਲਦੀਪ ਸਿੰਘ ਨੇ ਦੱਸਿਆ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਜਿੱਥੇ ਮਿੱਟੀ ਵਿਚਲੇ ਲੋੜੀਂਦੇ ਤੱਤ ਨਸ਼ਟ ਹੁੰਦੇ ਹਨ ਉੱਥੇ ਇਨ੍ਹਾਂ ਦੀ ਪੂਰਤੀ ਕਰਨ ਲਈ ਜ਼ਿਆਦਾ ਖਾਦਾਂ ਪਾਉਣੀਆਂ ਪੈਂਦੀਆਂ ਹਨ ,ਜਿਸ ਦੇ ਸਿੱਟੇ ਵਜੋਂ ਕਿਸਾਨਾਂ ਦਾ ਆਰਥਿਕ ਨੁਕਸਾਨ ਹੁੰਦਾ ਹੈ।ਉਨ੍ਹਾਂ ਪਰਾਲੀ ਨੂੰ ਮਿੱਟੀ ਵਿੱਚ ਮਿਲਾਉਣ ਦੇ ਵੱਖ ਵੱਖ ਤਰੀਕਿਆਂ ਬਾਰੇ ਦੱਸਦੇ ਕਣਕ ਦੀ ਬਿਜਾਈ ਹੈਪੀ ਸੀਡਰ, ਸੁਪਰ ਸੀਡਰ, ਮਲਚਰ ਨਾਲ ਕਰਨ ਲਈ ਉਤਸ਼ਾਹਿਤ ਕੀਤਾ।ਉਨ੍ਹਾਂ ਯੂਨੀਵਰਸਿਟੀ ਵੱਲੋਂ ਜਾਰੀ ਕੀਤੀਆਂ ਕਣਕ ਦੀਆਂ ਨਵੀਂਆਂ ਕਿਸਮਾਂ ਅਤੇ ਬੀਜ ਸੋਧ ਤਰੀਕਿਆਂ ਬਾਰੇ ਤਕਨੀਕੀ ਜਾਣਕਾਰੀ ਸਾਂਝੀ ਕੀਤੀ।ਇਸ ਤੋਂ ਇਲਾਵਾ ਬਾਸਮਤੀ ਵਿੱਚ 9 ਪਾਬੰਦੀ ਸ਼ੁਦਾ ਕੀਟਨਾਸ਼ਕਾਂ ਦੀ ਵਰਤੋਂ ਨਾ ਕਰਨ ਪ੍ਰਤੀ ਸੁਚੇਤ ਕੀਤਾ ਗਿਆ।
ਡਾ. ਰਾਕੇਸ਼ ਕੁਮਾਰ ਨੇ ਦੱਸਿਆ ਕਿ ਫ਼ਸਲੀ ਵਿਭਿੰਨਤਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ ਅਤੇ ਕਿਸਾਨਾਂ ਨੂੰ ਰਿਵਾਇਤੀ ਫ਼ਸਲੀ ਚੱਕਰ ਵਿੱਚੋਂ ਨਿਕਲ ਕੇ ਮੱਕੀ,ਗੰਨਾ, ਮੂੰਗਫਲੀ,ਦਾਲਾਂ ਆਦਿ ਫ਼ਸਲਾਂ ਹੇਠ ਰਕਬਾ ਵਧਾਉਣ ਦੀ ਸਲਾਹ ਦਿੱਤੀ।ਇਸ ਦੇ ਨਾਲ ਉਨ੍ਹਾਂ ਵੱਲੋਂ ਮਿੱਟੀ ਅਤੇ ਪਾਣੀ ਦੀ ਪਰਖ ਦੇ ਢੰਗ ਤਰੀਕਿਆਂ ਤੋਂ ਜਾਣੂ ਕਰਵਾਇਆ ਗਿਆ।
ਬੀ.ਟੀ.ਐਮ ਸ਼੍ਰੀ ਮੁਹੰਮਦ ਜ਼ਮੀਲ ਨੇ ਕਿਸਾਨਾਂ ਨੂੰ ਬੇਲੋੜੀਆਂ ਖਾਦਾਂ ਅਤੇ ਖੇਤੀ ਜ਼ਹਿਰਾਂ ਨਾ ਵਰਤ ਕੇ ਖੇਤੀ ਖ਼ਰਚੇ ਘਟਾਉਣ ਲਈ ਅਤੇ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਆ।ਕੈਂਪ ਦੌਰਾਨ ਵਿਸ਼ੇਸ਼ ਮੋਬਾਈਲ ਐਪ ਆਈ-ਖੇਤ ਬਾਰੇ ਜਾਣਕਾਰੀ ਦਿੱਤੀ ਗਈ ਤਾਂ ਜੋ ਇਸ ਦਾ ਲਾਹਾ ਲੈ ਕੇ ਉਪਲਬਧ ਖੇਤੀ ਮਸ਼ੀਨਰੀ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾ ਸਕੇ। ਇਸ ਕੈਂਪ ਵਿੱਚ ਭੂਮੀ ਰੱਖਿਆ ਵਿਭਾਗ ਦੇ ਜੇ.ਈ. ਸ਼੍ਰੀ ਪ੍ਰਕਾਸ਼ ਸਿੰਘ ਨੇ ਵਿਭਾਗ ਦੀਆਂ ਸਕੀਮਾਂ ਅਤੇ ਸਬਸਿਡੀਆਂ ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਜ਼ਮੀਨੀ ਪਾਣੀ ਦੇ ਗਿਰ ਰਹੇ ਪੱਧਰ ਦੀ ਗੰਭੀਰਤਾ ਨੂੰ ਦੇਖਦੇ ਹੋਏ ਕਿਸਾਨਾਂ ਨੂੰ ਤੁਪਕਾ ਅਤੇ ਫੁਆਰਾ ਸਿੰਚਾਈ ਅਪਣਾਉਣ ਲਈ ਪ੍ਰੇਰਿਆ। ਕੈਂਪ ਦੌਰਾਨ ਬਾਗ਼ਬਾਨੀ ਵਿਭਾਗ ਵੱਲੋਂ ਸਰਦ ਰੁੱਤ ਦੀਆਂ ਸਬਜ਼ੀਆਂ ਦੀਆਂ ਕਿੱਟਾਂ ਵੀ ਵੰਡੀਆਂ ਗਈਆਂ।ਕੈਂਪ ਦਾ ਪ੍ਰਬੰਧ ਵਿਭਾਗ ਦੇ ਖੇਤੀਬਾੜੀ ਉਪ ਨਿਰੀਖਕ ਸ਼੍ਰੀ ਗੋਪਾਲ ਕ੍ਰਿਸ਼ਨ ਅਤੇ ਏ.ਟੀ.ਐਮ ਸ਼੍ਰੀ ਗੁਰਦੀਪ ਸਿੰਘ ਵੱਲੋਂ ਗਿਆ। ਕੈਂਪ ਵਿੱਚ ਪਿੰਡ ਦੇ ਸਰਪੰਚ ਸ਼੍ਰੀ ਮੁਹੰਮਦ ਇਕਬਾਲ ਤੋਂ ਇਲਾਵਾ ਕਾਸਮ ਖਾਨ, ਸੁਖਵਿੰਦਰ ਸਿੰਘ, ਲਿਆਕਤ ਅਲੀ ਅਤੇ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਭਾਗ ਲਿਆ।
Please Share This News By Pressing Whatsapp Button