ਰਾਮਨਗਰ ਸਿਬੀਆ ਵਿਖੇ ਪਰਾਲੀ ਦੀ ਸੰਭਾਲ ਸੰਬੰਧੀ ਕਿਸਾਨ ਗੋਸ਼ਟੀ ਕਰਵਾਈ
ਸੰਗਰੂਰ 10 ਅਕਤੂਬਰ
ਕ੍ਰਿਸ਼ੀ ਵਿਗਿਆਨ ਕੇਂਦਰ ਖੇੜੀ ਵੱਲੋਂ ਝੋਨੇ ਦੀ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਅਤੇ ਝੋਨੇ ਦੀ ਸਿੱਧੀ ਬੀਜੀ ਫ਼ਸਲ ਬਾਰੇ ਇੱਕ ਰੋਜ਼ਾ ਜਾਗਰੂਕਤਾ ਪ੍ਰੋਗਰਾਮ ਅਤੇ ਖੇਤ ਦਿਵਸ ਪਿੰਡ ਰਾਮਨਗਰ ਸਿਬੀਆ ਵਿਖੇ ਮਨਾਇਆ ਗਿਆ। ਇਸ ਪ੍ਰੋਗਰਾਮ ਵਿਚ ਕਰੀਬ 50 ਕਿਸਾਨਾਂ ਨੇ ਭਾਗ ਲਿਆ।
ਡਾ. ਮਨਦੀਪ ਸਿੰਘ ਐਸੋਸੀਏਟ ਡਾਇਰੈਕਟਰ (ਸਿਖਲਾਈ) ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਝੋਨੇ ਦੀ ਪਰਾਲੀ ਨੂੰ ਸੁਚੱਜੇ ਢੰਗ ਨਾਲ ਸਾਂਭਣ ਲਈ ਪ੍ਰੇਰਿਤ ਕੀਤਾ ਅਤੇ ਪਰਾਲੀ ਦੀ ਸੰਭਾਲ ਲਈ ਪੀ ਏ ਯੂ ਲੁਧਿਆਣਾ ਵੱਲੋਂ ਸਿਫ਼ਾਰਿਸ਼ ਕੀਤੀ ਖੇਤੀ ਮਸ਼ੀਨਰੀ ਦੀ ਵਰਤੋਂ ਬਾਰੇ ਦੱਸਿਆ। ਉਹਨਾਂ ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ ਹੋਣ ਵਾਲੀ ਪਾਣੀ ਅਤੇ ਲੇਬਰ ਦੀ ਬੱਚਤ ਦੀ ਗੱਲ ਵੀ ਕੀਤੀ। ਡਾ. ਸੁਨੀਲ ਕੁਮਾਰ, ਸਹਾਇਕ ਪ੍ਰੋਫੈਸਰ (ਫਾਰਮ ਮਸੀ਼ਨਰੀ ਅਤੇ ਪਾਵਰ ਇੰਜੀਨੀਅਰਿੰਗ) ਨੇ ਪਰਾਲੀ ਦੀ ਸੰਭਾਲ ਸਬੰਧੀ ਮਸ਼ੀਨਰੀ ਜਿਵੇਂ ਕਿ ਹੈਪੀ ਸੀਡਰ, ਸੁਪਰ ਸੀਡਰ, ਮਲਚਰ, ਪਲਟਾਊ ਹਲ, ਕਟਰ-ਕਮ- ਸਪਰੈਡਰ, ਜ਼ੀਰੋ ਟਿਲ ਡਰਿੱਲ ਆਦਿ ਦੀ ਵਰਤੋਂ ਬਾਰੇ ਵਿਸਤਾਰ ਵਿੱਚ ਦੱਸਿਆ। ਉਹਨਾਂ ਕਿਹਾ ਕਿ ਕਿਸੇ ਵੀ ਮਸ਼ੀਨ ਦੀ ਸਹੀ ਵਰਤੋਂ ਲਈ ਝੋਨੇ ਦੀ ਕਟਾਈ ਐਸ ਐਮ ਐਸ ਵਾਲੀ ਕੰਬਾਈਨ ਤੋਂ ਕਰਵਾਉਣਾ ਬਹੁਤ ਜ਼ਰੂਰੀ ਹੈ ਤਾਂ ਤੋਂ ਪਰਾਲੀ ਵਾਲੇ ਖੇਤਾਂ ਵਿੱਚ ਕਣਕ ਦੀ ਸਿੱਧੀ ਬਿਜਾਈ ਮੌਕੇ ਕਿਸੇ ਵੀ ਤਰਾਂ ਦੀ ਕੋਈ ਸੱਮਸਿਆ ਨਾ ਆਵੇ।
ਇਸ ਮੌਕੇ ਅਗਾਂਹਵੱਧੂ ਕਿਸਾਨ ਸ. ਹਰਵਿੰਦਰ ਸਿੰਘ ਨੇ ਝੋਨੇ ਦੀ ਸਿੱਧੀ ਬਿਜਾਈ, ਵੱਟਾਂ ਅਤੇ ਬੈਡਾਂ ਤੇ ਬਿਜਾਈ ਬਾਰੇ ਆਪਣੇ ਨਿੱਜੀ ਤਜ਼ਰਬੇ ਸਾਂਝੇ ਕੀਤੇ ਅਤੇ ਆਪਣੀ ਫ਼ਸਲ ਦਾ ਦੌਰਾ ਕਰਵਾਇਆ। ਉਹਨਾਂ ਕਿਸਾਨਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਵੀ ਦਿੱਤੇ। ਸਮੂਹ ਕਿਸਾਨਾਂ ਨੇ ਪਰਾਲੀ ਨੂੰ ਸੰਭਾਲਣ ਅਤੇ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਅਪਣਾਉਣ ਲਈ ਭਰਵਾਂ ਹੁੰਗਾਰਾ ਭਰਿਆ।
Please Share This News By Pressing Whatsapp Button