ਗੈਰ ਕਾਨੂੰਨੀ ਤੌਰ ’ਤੇ ਜ਼ਿਲ੍ਹੇ ’ਚ ਦਾਖਲ ਹੋਣ ਵਾਲੇ ਦੋ ਪਰਮਲ ਚਾਵਲ ਦੇ ਟਰੱਕ ਕਾਬੂ ਕਰਕੇ ਮਾਮਲਾ ਦਰਜ਼-ਡਿਪਟੀ ਕਮਿਸ਼ਨਰ
ਸੰਗਰੂਰ, 11 ਅਕਤੂਬਰ:
ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਸੰਗਰੂਰ ਅੰਦਰ ਝੋਨੇ ਦੀ ਖਰੀਦ ਦੇ ਕੰਮ ਨੂੰ ਨਿਰਵਿਘਨ ਅਤੇ ਪਾਰਦਰਸ਼ੀ ਢੰਗ ਨਾਲ ਚਲਾਉਣ ਲਈ ਸਮੁੱਚੀ ਖਰੀਦ ਪ੍ਰਕਿਰਿਆ ਦਾ ਕੰਮ ਜਾਰੀ ਹੈ। ਖਰੀਦ ਪ੍ਰਕਿਰਿਆ ਨੂੰ ਲੈ ਕੇ ਦੂਜੇ ਰਾਜਾਂ ਤੋਂ ਆਉਣ ਵਾਲੇ ਝੋਨੇ ਅਤੇ ਚਾਵਲ ਦੀ ਆਮਦ ਨੂੰ ਰੋਕ ਲਾਉਣ ਲਈ ਜ਼ਿਲ੍ਹਾ ਪੱਧਰ ਤੇ ਗਠਿਤ ਟੀਮਾਂ ਵੱਲੋਂ ਮੁਸਤੈਦੀ ਨਾਲ ਕਾਰਵਾਈ ਕਰਦਿਆਂ ਯੂ.ਪੀ. ਤੋਂ ਆਏ ਦੋ ਪਰਮਲ ਚਾਵਲ ਦੇ ਟਰੱਕਾਂ ਨੂੰ ਮੂਨਕ ਨਾਕੇ ’ਤੇ ਕਾਬੂ ਕੀਤਾ ਗਿਆ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਦਿੱਤੀ।
ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਦੱਸਿਆ ਕਿ ਕਾਬੂ ਕੀਤੇ ਟਰੱਕਾਂ ਵਿੱਚੋਂ ਕਰੀਬ 648 ਕੁਇੰਟਲ ਪਰਮਲ ਚਾਵਲ ਬਰਾਮਦ ਹੋਇਆ ਹੈ, ਜਿਸਨੂੰ ਗੈਰ ਕਾਨੂੰਨੀ ਤਰੀਕੇ ਨਾਲ ਸੈਲਰਾਂ ਤੱਕ ਪਹੁੰਚਾਉਣ ਦੀ ਯੋਜਨਾ ਸੀ। ਉਨ੍ਹਾਂ ਕਿਹਾ ਕਿ ਨਾਕੇ ਤੇ ਤੈਨਾਤ ਸਿਵਲ ਪ੍ਰਸਾਸਨ ਦੇ ਅਧਿਕਾਰੀਆਂ ਸਮੇਤ ਪੁਲਿਸ ਪਾਰਟੀ ਨੇ ਗਲਤ ਬਿਲ ਅਤੇ ਗੈਰ ਸਟੇਟ ਦਾ ਮਾਲ ਜ਼ਿਲ੍ਹੇ ਅੰਦਰ ਦਾਖਲ ਕਰਨ ਦੇ ਦੋਸ਼ ’ਚ ਕਾਰਵਾਈ ਅਮਲ ’ਚ ਲਿਆ ਕੇ ਦੋਵੇਂ ਟਰੱਕ ਜ਼ਬਤ ਕਰਕੇ ਮਾਮਲਾ ਦਰਜ਼ ਕਰ ਦਿੱਤਾ ਹੈ।
ਸ੍ਰੀ ਰਾਮਵੀਰ ਨੇ ਦੱਸਿਆ ਕਿ ਯੂ.ਪੀ. ਤੋ ਆਈਆਂ ਪਰਮਲ ਚਾਵਲ ਦੀਆਂ ਦੋਵੇਂ ਗੱਡੀਆਂ ’ਚ ਇਕ ਟਰੱਕ ’ਚ ਕਰੀਬ 349.40 ਅਤੇ ਦੂਜੀ ਗੱਡੀ ’ਚ 298.80 ਕੁਇੰਟਲ ਮਾਲ ਪਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅਜਿਹੇ ਭੈੜੇ ਲੋਕਾਂ ਵੱਲੋਂ ਗੈਰ ਕਾਨੂੰਨੀ ਢੰਗ ਨਾਲ ਕੀਤੇ ਜਾ ਰਹੇ ਕਾਰਜਾਂ ਕਾਰਣ ਸਬੰਧਤ ਰਾਜ ਦੇ ਕਿਸਾਨਾਂ ਨੂੰ ਫਸਲ ’ਚ ਮੁਸ਼ਕਿਲ ਪੇਸ਼ ਆਉਂਦੀ ਹੈ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਬਾਹਰੋ ਆਉਣ ਵਾਲੀ ਫਸਲ ਨੂੰ ਰੋਕਣ ਲਈ, ਮਾੜੀ ਮਨਸ਼ਾ ਨਾਲ ਦੂਜੇ ਰਾਜਾਂ ਤੋਂ ਆਪਣੀ ਫਸਲ ਲੈ ਕੇ ਆਉਣ ਵਾਲੇ ਵਿਅਕਤੀਆਂ ਬਾਰੇ ਸਿਵਲ ਅਤੇ ਪੁਲਿਸ ਪ੍ਰਸਾਸਨ ਨੂੰ ਸਹਿਯੋਗ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਜਿਹੇ ਮਾੜੇ ਵਿਅਕਤੀ ਜਿਨ੍ਹਾਂ ਦਾ ਮੰਤਵ ਆਪਣੇ ਲਾਭ ਲਈ ਦੂਜੀ ਸਟੇਟ ਦੇ ਲੋਕਾਂ ਅਤੇ ਸਰਕਾਰ ਨੂੰ ਨੁਕਸਾਨ ਪਹੰੁਚਾਉਣਾ ਹੈ, ਕਿਸੇ ਕੀਮਤ ਤੇ ਬਖਸ਼ਿਆ ਨਹੀ ਜਾਵੇਗਾ।
ਇਸ ਤੋ ਪਹਿਲਾ ਸ੍ਰੀ ਨਰਿੰਦਰ ਸਿੰਘ ਜ਼ਿਲ੍ਹਾ ਖੁਰਾਕ ਤੇ ਸਪਲਾਈ ਕਟਰੋਲਰ ਨੇ ਦੱਸਿਆ ਕਿ ਵਿਭਾਗ ਵੱਲੋਂ ਪੁਲਿਸ ਪਾਰਟੀਆਂ ਨਾਲ ਤਾਲਮੇਲ ਕਰਕੇ ਇਸ ਗੈਰ-ਕਾਨੂੰਨੀ ਕਾਰਵਾਈ ਨੂੰ ਨੱਥ ਪਾਉਣ ਲਈ ਭਰਪੂਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੀਆਂ ਕਾਰਵਾਈ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਸਮੂਹ ਅਧਿਕਾਰੀਆਂ ਨੂੰ ਮੰਡੀਆਂ ਅੰਦਰ ਆਉਣ ਵਾਲੀ ਝੋਨੇ ਦੀ ਫਸਲ ਦੀ ਖਰੀਦ ਕਰਕੇ ਨਾਲੋ ਨਾਲ ਅਦਾਇਗੀ ਯਕੀਨੀ ਬਣਾਉਣ ਲਈ ਆਦੇਸ਼ ਜਾਰੀ ਕੀਤੇ ਹਨ।
Please Share This News By Pressing Whatsapp Button