ਡੀ.ਸੀ. ਵੱਲੋਂ ਕੋਵਿਡ ਵੈਕਸੀਨ ਲਗਵਾਉਣ ਤੋਂ ਰਹਿੰਦੇ ਲੋਕਾਂ ਨੂੰ ਤੁਰੰਤ ਟੀਕਾਕਰਨ ਕਰਵਾਉਣ ਦੀ ਅਪੀਲ
ਪਟਿਆਲਾ, 11 ਅਕਤੂਬਰ:(ਬਲਵਿੰਦਰ ਪਾਲ )
ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਜ਼ਿਲ੍ਹੇ ‘ਚ ਡੇਂਗੂ, ਕੋਵਿਡ ਦੀ ਸੰਭਾਵਤ ਤੀਜੀ ਲਹਿਰ ਨਾਲ ਨਜਿੱਠਣ ਦੀਆਂ ਤਿਆਰੀਆਂ, ਕੋਵਿਡ ਟੀਕਾਕਰਨ, ਆਕਸੀਜਨ ਅਤੇ ਸਿਹਤ ਨਾਲ ਸਬੰਧਤ ਹੋਰ ਮਾਮਲਿਆਂ ‘ਤੇ ਸਰਕਾਰੀ ਰਾਜਿੰਦਰਾ ਹਸਪਤਾਲ ਅਤੇ ਜ਼ਿਲ੍ਹਾ ਸਿਹਤ ਵਿਭਾਗ ਦੀ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਸਰਕਾਰੀ ਮੈਡੀਕਲ ਕਾਲਜ ਤੇ ਰਾਜਿੰਦਰਾ ਹਸਪਤਾਲ ਅਤੇ ਜ਼ਿਲ੍ਹਾ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਡੇਂਗੂ ਦੇ ਮੌਜੂਦਾ ਸੀਜਨ ਅਤੇ ਕੋਵਿਡ ਮਹਾਂਮਾਰੀ ਨੂੰ ਅੱਗੇ ਫੈਲਣ ਤੋਂ ਬਚਾਅ ਲਈ ਬਿਨ੍ਹਾਂ ਕਿਸੇ ਢਿੱਲ ਮੱਠ ਦੇ ਇੱਕ ਟੀਮ ਦੀ ਤਰ੍ਹਾਂ ਕੰਮ ਕੀਤਾ ਜਾਵੇ ਤਾਂ ਕਿ ਜ਼ਿਲ੍ਹੇ ਦੇ ਵਾਸੀਆਂ ਨੂੰ ਦਰਪੇਸ਼ ਸਿਹਤ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕੇ।
ਸ੍ਰੀ ਸੰਦੀਪ ਹੰਸ ਨੇ ਲੋਕਾਂ ਨੂੰ ਡੇਂਗੂ ਤੋਂ ਬਚਾਅ ਲਈ ਜਿੱਥੇ ਆਪਣੇ ਆਲੇ ਦੁਆਲੇ ਦੀ ਸਫ਼ਾਈ ਰੱਖਣ ਸਮੇਤ ਸਾਫ਼ ਜਾਂ ਗੰਦਾ ਪਾਣੀ ਖੜ੍ਹਾ ਰਹਿਣ ਕਰਕੇ ਮੱਛਰ ਦੀ ਪੈਦਾਵਾਰ ਰੋਕਣ ਦੀ ਅਪੀਲ ਕੀਤੀ ਉਥੇ ਹੀ ਕੋਵਿਡ ਵੈਕਸੀਨੇਸ਼ਨ ਤੋਂ ਅਜੇ ਵੀ ਵਾਂਝੇ ਰਹਿ ਗਏ ਲੋਕਾਂ ਨੂੰ ਤੁਰੰਤ ਟੀਕਾਕਰਨ ਕਰਵਾਉਣ ‘ਤੇ ਜ਼ੋਰ ਦਿੱਤਾ।
ਡੀ.ਸੀ. ਨੇ ਸਿਹਤ ਵਿਭਾਗ ਨੂੰ ਤਾਕੀਦ ਕਰਦਿਆਂ ਕਿਹਾ ਕਿ ਪੇਂਡੂ ਖੇਤਰਾਂ ‘ਚ ਡੇਂਗੂ ਬਿਮਾਰੀ ਤੋਂ ਬਚਾਅ ਲਈ ਵਿੱਢੀ ਪ੍ਰਚਾਰ ਮੁਹਿੰਮ ਨੂੰ ਦਾਣਾ ਮੰਡੀਆਂ ਤੱਕ ਲਿਜਾਇਆ ਜਾਵੇ ਅਤੇ ਕੋਵਿਡ ਤੋਂ ਬਚਾਅ ਲਈ ਟੀਕਾਕਰਨ ਦੇ ਵਿਸ਼ੇਸ਼ ਕੈਂਪ ਲਗਾ ਕੇ ਜ਼ਿਲ੍ਹੇ ਦੀ ਸਾਰੀ ਆਬਾਦੀ ਨੂੰ ਟੀਕਾਕਰਨ ਦੇ ਘੇਰੇ ਹੇਠ ਲਿਆਂਦਾ ਜਾਵੇ।
ਡਿਪਟੀ ਕਮਿਸ਼ਨਰ ਨੇ ਸਰਕਾਰੀ ਮੈਡੀਕਲ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਆਰ.ਪੀ.ਐਸ. ਸਿਬੀਆ, ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਤੋਂ ਕੋਵਿਡ ਦੀ ਸੰਭਾਵਤ ਤੀਜੀ ਲਹਿਰ ਅਤੇ ਇਸ ਤੋਂ ਛੋਟੇ ਬੱਚਿਆਂ ਦੇ ਪ੍ਰਭਾਵਤ ਹੋਣ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਜ਼ਿਲ੍ਹੇ ‘ਚ ਆਕਸੀਜਨ ਪਲਾਂਟਾਂ ਅਤੇ ਆਕਸੀਜਨ ਕਨਸਟ੍ਰੇਟਰਾਂ ਦੀ ਸਥਿਤੀ ਦੀ ਵੀ ਸਮੀਖਿਆ ਕੀਤੀ।
ਮੀਟਿੰਗ ‘ਚ ਨਗਰ ਨਿਗਮ ਦੇ ਕਮਿਸ਼ਨਰ ਪੂਨਮਦੀਪ ਕੌਰ ਨੇ ਦੱਸਿਆ ਕਿ ਪਟਿਆਲਾ ਸ਼ਹਿਰ ‘ਚ ਕੌਂਸਲਰਾਂ ਤੇ ਮੁਹੱਲਾ ਕਮੇਟੀਆਂ ਵੱਲੋਂ ਘਰ-ਘਰ ਜਾ ਕੇ ਡੇਂਗੂ ਲਾਰਵਾ ਚੈਕ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਹੈ ਅਤੇ ਹਰ ਸ਼ੁੱਕਰਵਾਰ ਨੂੰ ਡਰਾਈ ਡੇਅ ਮਨਾਇਆ ਜਾਂਦਾ ਹੈ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਜ਼ਿਲ੍ਹੇ ‘ਚ ਕੋਵਿਡ ਦੀ ਸੰਭਾਵਤ ਤੀਜੀ ਲਹਿਰ ਨਾਲ ਨਜਿੱਠਣ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹਨ। ਜ਼ਿਲ੍ਹਾ ਐਪੀਡਮੋਲੋਜਿਸਟ ਡਾ. ਸੁਮੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਪਿੰਡਾਂ ‘ਚ 600 ਛੱਪੜਾਂ ‘ਚ ਡੇਂਗੂ ਮੱਛਰ ਨੂੰ ਖਾਣ ਵਾਲੀ ਗੰਬੂਜੀਆ ਮੱਛੀ ਛੱਡੀ ਜਾ ਚੁੱਕੀ ਹੈ ਅਤੇ ਮਈ-ਜੂਨ ‘ਚ ਘਰ-ਘਰ ਸਰਵੇ ਕਰਕੇ ਲਾਰਵਾ ਨਸ਼ਟ ਕਰਵਾ ਦਿੱਤਾ ਗਿਆ ਸੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਗੌਤਮ ਜੈਨ, ਐਸ.ਡੀ.ਐਮ. ਚਰਨਜੀਤ ਸਿੰਘ, ਸਹਾਇਕ ਕਮਿਸ਼ਨਰ (ਜ) ਜਸਲੀਨ ਕੌਰ ਭੁੱਲਰ, ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਐਚ.ਐਸ. ਰੇਖੀ, ਮਾਤਾ ਕੌਸ਼ੱਲਿਆ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਸੰਦੀਪ ਕੌਰ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਵੀਨੂੰ ਗੋਇਲ, ਕੋਵਿਡ ਵਾਰਡ ਇੰਚਾਰਜ ਡਾ. ਸਚਿਨ ਕੌਸ਼ਲ, ਡੇਂਗੂ ਵਾਰਡ ਇੰਚਾਰਜ ਡਾ. ਸੰਜੇ ਕੁਮਾਰ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਜੀਲਾ ਖ਼ਾਨ ਅਤੇ ਕੋਵਿਡ ਵੈਕਸੀਨੇਸ਼ਨ ਨੋਡਲ ਅਫ਼ਸਰ ਡਾ. ਪਰਨੀਤ ਕੌਰ ਵੀ ਮੌਜੂਦ ਸਨ।
Please Share This News By Pressing Whatsapp Button