ਮੱਛੀ ਪਾਲਣ ਦਾ ਕਿੱਤਾ ਅਪਣਾ ਕੇ ਚੰਗਾ ਮੁਨਾਫ਼ਾ ਲੈ ਰਿਹੈ ਪਿੰਡ ਫ਼ਤਿਹਗੜ੍ਹ ਛੰਨਾਂ ਦਾ ਸਫਲ ਕਿਸਾਨ ਕੁਲਦੀਪ ਸਿੰਘ
ਪਟਿਆਲਾ, 18 ਅਕਤੂਬਰ:
ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਸਹਾਇਕ ਕਿੱਤਿਆਂ ਨਾਲ ਜੋੜਕੇ ਉਨ੍ਹਾਂ ਦੀ ਆਮਦਨ ਵਧਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਮੱਛੀ ਪਾਲਣ ਵਿਭਾਗ ਵੱਲੋਂ ਕਿਸਾਨਾਂ ਨੂੰ ਇਸ ਕਿੱਤੇ ਨਾਲ ਸਬੰਧਤ ਜਾਣਕਾਰੀ ਦੇਣ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ, ਜਿਸ ਦੇ ਨਤੀਜੇ ਵੀ ਹੁਣ ਕਿਸਾਨਾਂ ਵੱਲੋਂ ਮੱਛੀ ਪਾਲਣ ਦਾ ਕਿੱਤਾ ਅਪਣਾਉਣ ਉੱਤੇ ਸਾਹਮਣੇ ਆਉਣ ਲੱਗੇ ਹਨ। ਇਸੇ ਤਰ੍ਹਾਂ ਦਾ ਬਲਾਕ ਸਮਾਣਾ ਦੇ ਪਿੰਡ ਫ਼ਤਿਹਗੜ੍ਹ ਛੰਨਾਂ ਦਾ ਕਿਸਾਨ ਕੁਲਦੀਪ ਸਿੰਘ ਹੈ, ਜਿਸ ਨੇ ਮੱਛੀ ਪਾਲਣ ਵਿਭਾਗ ਪਾਸੋਂ ਪੰਜ ਦਿਨ ਦਾ ਟਰੇਨਿੰਗ ਪ੍ਰਾਪਤ ਕਰਨ ਤੋਂ ਬਾਅਦ ਆਪਣੀ ਢਾਈ ਏਕੜ ਜਮੀਨ ‘ਚ ਮੱਛੀ ਪਾਲਣ ਦਾ ਕੰਮ ਸ਼ੁਰੂ ਕੀਤਾ ਹੈ।
ਆਪਣੇ ਮੱਛੀ ਪਾਲਣ ਦੇ ਨਿੱਜੀ ਤਜਰਬੇ ਸਾਂਝੇ ਕਰਦਿਆ ਕੁਲਦੀਪ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੀ ਨਿੱਜੀ ਜ਼ਮੀਨ ‘ਚ ਢਾਈ ਏਕੜ ‘ਚ ਮੱਛੀ ਪਾਲਣ ਵਿਭਾਗ ਵੱਲੋਂ ਪੰਜ ਦਿਨਾਂ ਦੀ ਟਰੇਨਿੰਗ ਪ੍ਰਾਪਤ ਕਰ ਕੇ ਸਾਲ 2020 ਵਿੱਚ ਮੱਛੀ ਪਾਲਣ ਦਾ ਕੰਮ ਸ਼ੁਰੂ ਕੀਤਾ ਸੀ। ਟਰੇਨਿੰਗ ਦੌਰਾਨ ਵਿਭਾਗ ਦੇ ਅਫ਼ਸਰਾਂ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ ਅਤੇ ਦੱਸਿਆ ਗਿਆ ਕਿ ਮੱਛੀ ਇੱਕ ਚੰਗੀ ਆਮਦਨ ਦੇ ਨਾਲ ਨਾਲ ਇੱਕ ਪੌਸ਼ਟਿਕ ਆਹਾਰ ਵੀ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਦੇ ਸਹਾਇਕ ਡਾਇਰੈਕਟਰ ਮੱਛੀ ਪਾਲਣ ਪਟਿਆਲਾ ਦੇ ਦਫ਼ਤਰ ਜਾ ਕੇ ਸਬਸਿਡੀ ਦੀਆਂ ਸ਼ਰਤਾਂ ਅਤੇ ਕਾਗ਼ਜ਼ਾਂ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ ਤੇ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਆਪਣੀ ਨਿੱਜੀ ਜ਼ਮੀਨ ਵਿੱਚ ਛੱਪੜ ਤਿਆਰ ਕਰ ਲਿਆ। ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨ ਉਪਰੰਤ ਵਿਭਾਗ ਵੱਲੋਂ ਸਬਸਿਡੀ ਕੇਸ ਤਿਆਰ ਕਰਵਾ ਕਿ ਮੈਨੂੰ ਬਣਦੀ ਵਿੱਤੀ ਸਹਾਇਤਾ ਲਗਭਗ 1,62,600 ਰੁਪਏ ਵੀ ਪ੍ਰਦਾਨ ਕੀਤੀ ਗਈ।
ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਔਸਤਨ 7500 ਕਿੱਲੋ ਤੋਂ ਉਪਰ ਮੱਛੀ ਵੇਚ ਚੁੱਕਾ ਹਾਂ ਅਤੇ ਲਗਭਗ 4 ਲੱਖ 25 ਹਜ਼ਾਰ ਰੁਪਏ ਮੁਨਾਫ਼ਾ ਪ੍ਰਾਪਤ ਕਰ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਉਹ ਮੱਛੀ ਤਲਾਬ ਦੀਆਂ ਵੱਟਾਂ ‘ਤੇ ਬਾਗ਼ਬਾਨੀ ਦਾ ਸਹਾਇਕ ਧੰਦਾ ਵੀ ਕਰ ਰਿਹਾ ਹੈ ਤੇ ਸਭ ਤੋਂ ਵੱਧ ਫ਼ਾਇਦਾ ਤਲਾਬ ਦਾ ਪਾਣੀ ਖੇਤਾਂ ਵਿੱਚ ਵਰਤ ਕੇ ਮਿਲ ਰਿਹਾ ਹੈ।
ਮੱਛੀ ਪਾਲਕ ਕੁਲਦੀਪ ਸਿੰਘ ਨੇ ਮੱਛੀ ਪਾਲਣ ਦੇ ਕਿੱਤੇ ਦੀ ਤੁਲਨਾ ਰਵਾਇਤੀ ਖੇਤੀ ਨਾਲ ਕਰਦਿਆ ਕਿਹਾ ਕਿ ਮੱਛੀ ਪਾਲਣ ਦੇ ਕਿੱਤੇ ਨੂੰ ਮੌਸਮ ਖਰਾਬ ਜਾਂ ਮੀਂਹ ਪੈਣ ਦਾ ਕੋਈ ਅਸਰ ਨਹੀਂ ਹੁੰਦਾ ਸਗੋਂ ਪਾਣੀ ਦਾ ਲੈਵਲ ਵਧਣ ਨਾਲ ਮੱਛੀ ਦੀ ਪੈਦਾਵਾਰ ਵਿੱਚ ਵਾਧਾ ਹੁੰਦਾ ਹੈ ਤੇ ਇਸ ਕਿੱਤੇ ਲਈ ਟਰੈਕਟਰ, ਟਰਾਲੀ, ਸੁਹਾਗਾ, ਹਲ ਆਦਿ ਕਿਸੇ ਵੀ ਸਮਾਨ ਦੀ ਜ਼ਰੂਰਤ ਨਹੀਂ ਪੈਂਦੀ। ਇੱਕ ਵਾਰੀ ਪੌਂਡ ਬਣ ਜਾਵੇ 6-7 ਸਾਲ ਤੱਕ ਕਿਸੇ ਸਮਾਨ ਦੀ ਲੋੜ ਨਹੀਂ। ਮੱਛੀ ਪਾਲਣ ਦਾ ਛੱਪੜ ਕਿਰਾਏ ਤੇ ਵੀ ਬਣਾਇਆ ਜਾ ਸਕਦਾ ਹੈ।
ਕੁਲਦੀਪ ਸਿੰਘ ਨੇ ਦੱਸਿਆ ਕਿ ਮੱਛੀ ਦੇ ਮੰਡੀਕਰਨ ‘ਚ ਵੀ ਕੋਈ ਸਮੱਸਿਆ ਨਹੀਂ ਹੈ ਤੇ ਠੇਕੇਦਾਰ ਆਪ ਆ ਕੇ ਮੱਛੀਆਂ ਫੜਦੇ ਹਨ, ਆਪ ਹੀ ਤੋਲਦੇ ਹਨ ਤੇ ਆਪ ਹੀ ਲੈ ਜਾਂਦੇ ਹਨ। ਮੱਛੀ ਪਾਲਣ ਦੇ ਕਿੱਤੇ ‘ਚ ਕਿਸਾਨ ਆਪਣੀ ਕੀਮਤ ‘ਤੇ ਮੱਛੀਆਂ ਵੇਚ ਸਕਦਾ ਹੈ। ਉਨ੍ਹਾਂ ਮੱਛੀ ਪਾਲਣ ਦੇ ਕੰਮ ‘ਤੇ ਸੰਤੁਸ਼ਟੀ ਜਾਹਰ ਕਰਦਿਆ ਹੋਰਨਾਂ ਕਿਸਾਨਾਂ ਨੂੰ ਵੀ ਆਪਣੀ ਜ਼ਮੀਨ ਦੇ ਕੁਝ ਹਿੱਸੇ ਵਿੱਚ ਮੱਛੀ ਪਾਲਣ ਦੀ ਸਲਾਹ ਦਿੰਦਿਆ ਕਿਹਾ ਕਿ ਇਸ ‘ਚ ਖੇਤੀ ਤੋਂ ਵੀ ਵੱਧ ਮੁਨਾਫ਼ਾ ਪ੍ਰਾਪਤ ਹੁੰਦਾ ਹੈ।
Please Share This News By Pressing Whatsapp Button