ਕੋਵਿਡ ਤੋਂ ਬਚਾਅ ਲਈ ਜ਼ਿਲ੍ਹੇ ਵਿਚ ਹੁਣ ਤੱਕ 2,41,059 ਕੋਵਿਡ ਵੈਕਸੀਨੇਸ਼ਨ ਦੀਆਂ ਡੋਜ਼ਾਂ ਲਗਾਈਆਂ ਗਈਆਂ
ਮਲੇਰਕੋਟਲਾ 18 ਅਕਤੂਬਰ
ਕੋਵਿਡ ਤੋਂ ਬਚਾਅ ਲਈ ਜ਼ਿਲ੍ਹੇ ਵਿਚ ਹੁਣ ਤੱਕ 2,41,059 ਵੈਕਸੀਨੇਸ਼ਨ ਦੀਆਂ ਡੋਜ਼ਾਂ ਲਗਾਈਆਂ ਜਾ ਚੁੱਕੀਆਂ ਹਨ । ਇਸ ਗੱਲ ਦੀ ਜਾਣਕਾਰੀ ਸਹਾਇਕ ਸਿਵਲ ਸਰਜਨ ਡਾਕਟਰ ਬਿੰਦੂ ਨਲਵਾ ਨੇ ਦਿੱਤੀ । ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਦੇ 1,84,538 ਲੋਕਾਂ ਨੂੰ ਕੋਵਿਡ ਤੋਂ ਬਚਾਅ ਦੀ ਪਹਿਲੀ ਡੋਜ਼ ਅਤੇ 56,521 ਲੋਕਾਂ ਦੀ ਮੁਕੰਮਲ ਵੈਕਸੀਨੇਸ਼ਨ ਕੀਤੀ ਜਾ ਚੁੱਕੀ ਹੈ।
ਸਹਾਇਕ ਸਿਵਲ ਸਰਜਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਤਿਉਹਾਰ ਦੇ ਦਿਨਾਂ ਵਿੱਚ ਕੋਵਿਡ–19 ਪ੍ਰੋਟੋਕਾਲ ਦੀ ਪਾਲਣਾ ਕਰਦੇ ਰਹਿਣ ਜਿਸ ਵਿੱਚ ਮਾਸਕ ਪਹਿਨਣਾ, ਸਮਾਜਕ ਦੂਰੀ ਬਣਾਈ ਰੱਖਣੀ, ਹੱਥਾਂ ਦੀ ਸਫ਼ਾਈ ਅਤੇ ਟੀਕਾਕਰਨ ਸ਼ਾਮਲ ਹੈ, ਨਹੀਂ ਤਾਂ ਢਿੱਲਾ ਰਵੱਈਆ ਨਿਸ਼ਚਤ ਰੂਪ ਨਾਲ ਮਹਾਂਮਾਰੀ ਦੀ ਤੀਜੀ ਲਹਿਰ ਨੂੰ ਸੱਦਾ ਦੇਵੇਗਾ।
ਉਨ੍ਹਾਂ ਹੋਰ ਦੱਸਿਆ ਕਿ ਜ਼ਿਲੇ ਦੀਆਂ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਇਸ ਟੀਕਾਕਰਨ ਦੀ ਮੁਹਿੰਮ ਨੂੰ ਸਫਲ ਕਰਨ ਵਿਚ ਪੂਰਾ ਸਹਿਯੋਗ ਦੇ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੋਵਿਡ ਤੋਂ ਲੋਕਾਂ ਦੇ ਬਚਾਅ ਲਈ ਸਿਹਤ ਵਿਭਾਗ ਪੂਰੀ ਤਰ੍ਹਾਂ ਯਤਨਸ਼ੀਲ ਹੈ।
ਉਨ੍ਹਾਂ ਹੋਰ ਦੱਸਿਆ ਕਿ ਵੈਕਸੀਨੇਸ਼ਨ ਅਤੇ ਲੋਕਾਂ ਦੀ ਜਾਗਰੂਕਤਾ ਕਾਰਨ ਅੱਜ ਜ਼ਿਲ੍ਹੇ ’ਚ ਕੋਈ ਵੀ ਕਰੋਨਾ ਪ੍ਰਭਾਵਿਤ ਮਰੀਜ਼ ਨਹੀਂ ਹੈ। ਜ਼ਿਲ੍ਹੇ ਅੰਦਰ ਕੋਵਿਡ–19 ਤਹਿਤ ਹੁਣ ਤੱਕ ਕੁੱਲ 222280 ਸੈਂਪਲ ਲਏ ਗਏ, ਜਿਨ੍ਹਾਂ ਚੋਂ 3790 ਪੋਜ਼ਟਿਵ ਕੇਸ ਆਏ, ਜਿਸ ਚੋਂ 3606 ਕਰੋਨਾ ਪ੍ਰਭਾਵਿਤ ਮਰੀਜ਼ ਕਰੋਨਾ ਵਾਇਰਸ ਤੇ ਫ਼ਤਿਹ ਹਾਸਲ ਕਰਕੇ ਆਪੋ–ਆਪਣੇ ਘਰ ਵਾਪਸ ਪਰਤ ਗਏ। ਹੁਣ ਤੱਕ 184 ਕਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਕਾਰਜਕਾਰੀ ਸਿਵਲ ਸਰਜਨ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਕਰੋਨਾ ਨਾਲ ਕਿਸੇ ਵੀ ਵਿਅਕਤੀ ਦੀ ਮੌਤ ਨਹੀਂ ਹੋਈ। ਇਸ ਤੋਂ ਇਲਾਵਾ ਬੀਤੇ 24 ਘੰਟਿਆਂ ਦੌਰਾਨ ਕੋਈ ਵੀ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ ।
Please Share This News By Pressing Whatsapp Button