ਸੇਵਾ ਕੇਂਦਰ ਵਿਚ ਸੱਭਿਆਚਾਰ ਅਤੇ ਸੈਰ ਸਪਾਟਾ ਵਿਭਾਗ ਨਾਲ ਸਬੰਧਿਤ ਦੋ ਨਵੀਂਆਂ ਸੇਵਾਵਾਂ ਸ਼ੁਰੂ
ਮਲੇਰਕੋਟਲਾ 20 ਅਕਤੂਬਰ:
ਪੰਜਾਬ ਸਰਕਾਰ ਵੱਲੋਂ ਸੇਵਾ ਕੇਂਦਰਾਂ ‘ਚ ਸੱਭਿਆਚਾਰ ਅਤੇ ਸੈਰ ਸਪਾਟਾ ਵਿਭਾਗ ਨਾਲ ਸਬੰਧਿਤ ਦੋ ਨਵੀਂਆਂ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਹਨ। ਇਨ੍ਹਾਂ ਦੋ ਸੇਵਾਵਾਂ ਦਾ ਇਜ਼ਾਫਾ ਹੋਣ ਨਾਲ ਆਮ ਜਨਤਾ ਜ਼ਿਲ੍ਹੇ ਦੇ ਕੁਲ 07 ਸੇਵਾ ਕੇਂਦਰਾਂ ਤੋਂ ਵੱਖ ਵੱਖ ਵਿਭਾਗਾਂ ਨਾਲ ਸਬੰਧਿਤ 355 ਤਰ੍ਹਾਂ ਦੀਆਂ ਸੇਵਾਵਾਂ ਇੱਕ ਛੱਤ ਥੱਲੇ ਲੈ ਸਕੇਗੀ ।ਇਸ ਗੱਲ ਦੀ ਜਾਣਕਾਰੀ ਐਕਸਟਰਾ ਸਹਾਇਕ ਕਮਿਸ਼ਨਰ (ਯੂ.ਟੀ) ਸ੍ਰੀ ਗੁਰਮੀਤ ਕੁਮਾਰ ਨੇ ਦਿੱਤੀ । ਉਨ੍ਹਾਂ ਦੱਸਿਆ ਕਿ ਇਨ੍ਹਾਂ ਸੇਵਾਵਾਂ ਦਾ ਲਾਭ ਲੈਣ ਲਈ ਨਿਰਧਾਰਿਤ ਸੇਵਾ ਫ਼ੀਸ ਦੇਣੀ ਹੋਵੇਗੀ ।
ਐਕਸਟਰਾ ਸਹਾਇਕ ਕਮਿਸ਼ਨਰ (ਯੂ.ਟੀ) ਸ੍ਰੀ ਗੁਰਮੀਤ ਕੁਮਾਰ ਨੇ ਦੱਸਿਆ ਕਿ ਕਿਸਾਨ ਟੂਰਿਜ਼ਮ ਸਕੀਮ ਅਤੇ ਬੈੱਡ ਐਂਡ ਬਰੇਕ ਫਾਸਟ ਹੋਮ ਸਟੇਅ ਸਕੀਮ ਹੁਣ ਜ਼ਿਲੇ ਦੇ ਸਮੂਹ ਸੇਵਾ ਕੇਂਦਰਾਂ ਵਿਚ ਉਪਲਬਧ ਹੋਣਗੀਆਂ।
ਈ. ਗਵਰਨੈਂਸ ਕੋਆਰਡੀਨੇਟਰ ਸ੍ਰੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਕਿਸਾਨ ਟੂਰਿਜ਼ਮ ਸਕੀਮ ਅਤੇ ਬੈੱਡ ਐਂਡ ਬਰੇਕ ਫਾਸਟ ਹੋਮ ਸਟੇਅ ਸਕੀਮ ਲਈ ਸੇਵਾ ਫ਼ੀਸ 50 ਰੁਪਏ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਸੇਵਾਵਾਂ ਦੇ ਗੋਲਡ ਕੈਟਾਗਰੀ ਲਈ ਸਰਕਾਰੀ ਫ਼ੀਸ 5 ਹਜ਼ਾਰ ਰੁਪਏ ਤੇ ਸਿਲਵਰ ਕੈਟਾਗਰੀ ਲਈ ਸਰਕਾਰੀ ਫ਼ੀਸ 3 ਹਜ਼ਾਰ ਰੁਪਏ ਹੈ। ਬਿਨੈ ਕਰਤਾ ਖ਼ੁਦ ਵੀ ਘਰ ਬੈਠ ਕੇ ਆਨ ਲਾਈਨ ਇਸ ਲਿੰਕ ‘ਤੇ ਜਾ ਕੇ https://eservices.punjab.gov.in ਇਨ੍ਹਾਂ ਸੇਵਾਵਾਂ ਲਈ ਅਪਲਾਈ ਕਰ ਸਕਦਾ ਹੈ ਤੇ ਜ਼ਿਲੇ ਦੇ ਸੇਵਾ ਕੇਂਦਰਾਂ ਵਿਚ ਵੀ ਲੋੜੀਂਦੇ ਦਸਤਾਵੇਜ਼ ਸਮੇਤ ਜਾ ਕੇ ਅਪਲਾਈ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਆਨ ਲਾਈਨ ਅਪਲਾਈ ਕਰਨ ਤੋਂ ਉਪਰੰਤ ਬਿਨੈ ਕਰਤਾ ਨੂੰ ਕਿਸੇ ਵੀ ਦਫ਼ਤਰ ਵਿਚ ਕੋਈ ਵੀ ਦਸਤਾਵੇਜ਼ ਜਮਾਂ ਕਰਾਉਣ ਦੀ ਲੋੜ ਨਹੀਂ ਹੈ।
Please Share This News By Pressing Whatsapp Button