ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਹਾੜੇ `ਤੇ ਕਰਵਾਏ ਸਮਾਗਮਾਂ ‘ਚ ਵਿਜੈ ਇੰਦਰ ਸਿੰਗਲਾ ਨੇ ਭਰੀ ਹਾਜ਼ਰੀ
ਭਵਾਨੀਗੜ੍ਹ/ਸੰਗਰੂਰ 20 ਅਕਤੂਬਰ:
ਲੋਕ ਨਿਰਮਾਣ ਅਤੇ ਪ੍ਰਬੰਧਕੀ ਸੁਧਾਰ ਮੰਤਰੀ ਪੰਜਾਬ ਅਤੇ ਸੰਗਰੂਰ ਹਲਕੇ ਤੋਂ ਵਿਧਾਇਕ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਹਾੜੇ ਦੇ ਪਵਿੱਤਰ ਮੌਕੇ `ਤੇ ਵੱਖ ਵੱਖ ਥਾਂਵਾਂ ‘ਤੇ ਕਰਵਾਏ ਸਮਾਗਮਾਂ ‘ਚ ਸ਼ਿਰਕਤ ਕਰਦਿਆਂ ਲੋਕਾਂ ਨੂੰ ਵਧਾਈ ਦਿੱਤੀ।
ਸ਼੍ਰੀ ਸਿੰਗਲਾ ਨੇ ਪਿੰਡ ਭੜੋਂ, ਮਾਝੀ, ਨਦਾਮਪੁਰ, ਨਰਾਇਣਗੜ੍ਹ, ਬਟੜਿਆਣਾ, ਰਾਮਪੁਰਾ, ਭਵਾਨੀਗੜ੍ਹ, ਅਜੀਤ ਨਗਰ ਅਤੇ ਬਾਲਮੀਕੀ ਸਰੋਵਰ ਸੰਗਰੂਰ ਵਿਖੇ ਰੱਖੇ ਪ੍ਰੋਗਰਾਮਾਂ ਦੌਰਾਨ ਹਾਜ਼ਰੀ ਲਗਵਾਈ। ਇਸ ਮੌਕੇ ਸ਼੍ਰੀ ਸਿੰਗਲਾ ਨੇ ਸ਼੍ਰੀ ਵਾਲਮੀਕਿ ਧਰਮਸ਼ਾਲਾਵਾਂ ਦੇ ਨਿਰਮਾਣ ਲਈ ਪਿੰਡ ਭੜ੍ਹੋ, ਨਦਾਮਪੁਰ, ਰਾਮਪੁਰਾ ਅਤੇ ਨਰੈਣਗੜ੍ਹ ਵਿਖੇ 3-3 ਲੱਖ ਰੁਪਏ ਦੀਆਂ ਗ੍ਰਾਟਾਂ ਦੇ ਚੈੱਕ ਵੀ ਤਕਸੀਮ ਕੀਤੇ। ਉਨ੍ਹਾਂ ਭਵਾਨੀਗੜ੍ਹ ਦੀ ਸੰਗਤ ਨੂੰ ਵੀ 5 ਲੱਖ ਰੁਪਏ ਦੀ ਗਰਾਂਟ ਦਾ ਚੈੱਕ ਦਿੱਤਾ।
ਸ਼੍ਰੀ ਸਿੰਗਲਾ ਨੇ ਭਗਵਾਨ ਵਾਲਮੀਕਿ ਜੀ ਦੀ ਅਮਰ ਰਚਨਾ ਰਾਮਾਇਣ ਦੀਆਂ ਮਹਾਨ ਸਿੱਖਿਆਵਾਂ ਦੀ ਯਾਦ ਦਿਵਾਉਂਦਿਆਂ ਲੋਕਾਂ ਨੂੰ ਇਸ ਮਹਾਨ ਪ੍ਰਾਚੀਨ ਗ੍ਰੰਥ `ਚ ਦਰਸਾਈਆਂ ਸਿੱਖਿਆਵਾਂ ਨੂੰ ਅਪਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਮਹਾਨ ਗ੍ਰੰਥ ਰਾਮਾਇਣ `ਚ ਦਰਜ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਦੀ ਮਹੱਤਤਾ `ਤੇ ਜ਼ੋਰ ਦਿੰਦੇ ਹੋਏ ਲੋਕਾਂ ਨੂੰ ਇਸ ਵਿਚ ਦਰਸਾਏ ਗਏ ਸੱਚਾਈ ਅਤੇ ਨੇਕੀ ਦੇ ਮਾਰਗ `ਤੇ ਚੱਲਣ ਦੀ ਅਪੀਲ ਕੀਤੀ। ਉਨ੍ਹਾਂ ਇਸ ਪਵਿੱਤਰ ਦਿਹਾੜੇ ਨੂੰ ਆਪਸੀ ਭਾਈਚਾਰੇ, ਸ਼ਾਂਤੀ ਅਤੇ ਸਦਭਾਵਨਾ ਦੀ ਭਾਵਨਾ ਨਾਲ ਰਲ-ਮਿਲ ਕੇ ਮਨਾਉਣ ਦਾ ਸੱਦਾ ਦਿੱਤਾ।
ਕੈਬਨਿਟ ਮੰਤਰੀ ਨੇ ਕਿਹਾ ਕਿ ਕਾਂਗਰਸ ਸਰਕਾਰ ਸਮਾਜ ਦੇ ਸਮੂਹ ਵਰਗਾਂ ਦੇ ਵਿਕਾਸ ਲਈ ਯਤਨਸ਼ੀਲ ਹੈ ਅਤੇ ਹਰ ਵਰਗ ਦੀ ਭਲਾਈ ਲਈ ਵਿਕਾਸ ਕਾਰਜਾਂ ਦੇ ਨਾਲ-ਨਾਲ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੰਗਰੂਰ ਹਲਕੇ ਅੰਦਰ ਵਿਕਾਸ ਕਾਰਜ ਤੇ ਭਲਾਈ ਸਕੀਮਾਂ ਦਾ ਲਾਭ ਹਰ ਲੋੜਵੰਦ ਤੱਕ ਪੁੱਜਦਾ ਕਰਨ ਲਈ ਉਹ ਹਰ ਵੇਲੇ ਤਤਪਰ ਰਹਿੰਦੇ ਹਨ ਅਤੇ ਪ੍ਰਸ਼ਾਸਨਿਕ ਤੇ ਵਿਭਾਗੀ ਅਧਿਕਾਰੀਆਂ ਨੂੰ ਸਪੱਸ਼ਟ ਹਦਾਇਤਾਂ ਕੀਤੀਆਂ ਹਨ ਕਿ ਇਨ੍ਹਾਂ ਸਕੀਮਾਂ ਦਾ ਲਾਭ ਬਿਨਾ ਕਿਸੇ ਵਿਤਕਰੇ ਤੋਂ ਅਸਲ ਲੋੜਵੰਦਾਂ ਤੱਕ ਹਰ ਹੀਲੇ ਪੁੱਜਦਾ ਕੀਤਾ ਜਾਵੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵੱਡੀ ਗਿਣਤੀ ‘ਚ ਕਾਂਗਰਸੀ ਵਰਕਰ ਤੇ ਹੋਰ ਪਤਵੰਤੇ ਹਾਜ਼ਰ ਸਨ।
Please Share This News By Pressing Whatsapp Button