ਦੇਸ਼ ਲਈ ਸ਼ਹਾਦਤ ਦੇਣ ਵਾਲੇ ਬਹਾਦਰ ਜਵਾਨਾਂ ਨੂੰ ਸ਼ਹੀਦੀ ਦਿਵਸ ਮੌਕੇ ਸ਼ਰਧਾਂਜਲੀਆਂ ਭੇਂਟ
ਸੰਗਰੂਰ, 21 ਅਕਤੂਬਰ:
ਪੰਜਾਬ ਪੁਲਿਸ ਦੇ ਬਹਾਦਰ ਜਵਾਨਾਂ ਦੀਆਂ ਕੁਰਬਾਨੀਆਂ ਨੂੰ ਸਜਦਾ ਕਰਨ ਲਈ ਅੱਜ ਪੁਲਿਸ ਲਾਈਨ ਸੰਗਰੂਰ ਵਿਖੇ ਜ਼ਿਲ੍ਹਾ ’ਤੇ ਸੈਸ਼ਨ ਜੱਜ ਸ. ਹਰਪਾਲ ਸਿੰਘ, ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਰਾਮਵੀਰ, ਐਸ.ਐਸ.ਪੀ. ਸਵੱਪਨ ਸ਼ਰਮਾ ਅਤੇ ਹੋਰਨਾਂ ਅਧਿਕਾਰੀਆਂ ਵੱਲੋਂ ਸੋਗ ਪਰੇਡ ਦਿਵਸ (ਪੁਲਿਸ ਕੋਮੈਮੋਰੇਸ਼ਨ ਡੇਅ ਪਰੇਡ) ਦੌਰਾਨ ਭਾਵ-ਭਿੰਨੀਆਂ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਇਸ ਮੌਕੇ ਬੋਲਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨੇ ਕਿਹਾ ਕਿ ਸੁਰੱਖਿਆ ਫੋਰਸਾਂ ਦੇ ਜਵਾਨਾਂ ਨੇ ਹਮੇਸ਼ਾ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਕਾਇਮ ਰੱਖਦਿਆਂ ਵੱਡੀਆਂ ਕੁਰਬਾਨੀਆਂ ਦੇ ਕੇ ਸ਼ਾਨਾਮੱਤਾ ਇਤਿਹਾਸ ਸਿਰਜਿਆ ਹੈ। ਸ਼ਹੀਦੀ ਸਮਾਗਮ ਦੌਰਾਨ ਸ਼ਹੀਦ ਪੁਿਲਸ ਜਵਾਨਾਂ ਦੇ 54 ਪਰਿਵਾਰਾਂ ਦਾ ਆਦਰ-ਮਾਣ ਕੀਤਾ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ।
ਪੁਲਿਸ ਕੋਮੈਮੋਰੇਸ਼ਨ ਦਿਹਾੜੇ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਸੰਗਰੂਰ ਸ਼੍ਰੀ ਸਵੱਪਨ ਸ਼ਰਮਾ ਨੇ ਦੱਸਿਆ ਕਿ ਅੱਜ ਦੇ ਦਿਨ ਹੀ 21 ਅਕਤੂਬਰ 1959 ਨੂੰ ਲਦਾਖ ਦੇ ਹੌਟ ਸਪਰਿੰਗਜ਼ ਵਿਖੇ ਚੀਨ ਦੇ ਬਾਰਡਰ ’ਤੇ ਪੈਟਰੋਲਿੰਗ ਕਰ ਰਹੀ ਸੀ.ਆਰ.ਪੀ.ਐੱਫ ਦੀ ਟੁੱਕੜੀ ’ਤੇ ਚੀਨੀ ਫੌਜੀਆਂ ਨੇ ਘਾਤ ਲਗਾ ਕੇ ਹਮਲਾ ਕੀਤਾ ਸੀ, ਜਿਸਦਾ ਸਾਡੇ ਦੇਸ਼ ਦੇ ਜਵਾਨਾਂ ਨੇ ਬੜੀ ਦਲੇਰੀ ਤੇ ਬਹਾਦਰੀ ਨਾਲ ਮੁਕਾਬਲਾ ਕੀਤਾ ਅਤੇ ਦੇਸ਼ ਦੀ ਰਾਖੀ ਲਈ ਇਹ ਜਵਾਨ ਸ਼ਹਾਦਤ ਪ੍ਰਾਪਤ ਕਰ ਗਏ ਸਨ। ਉਨਾਂ ਸ਼ਹੀਦਾਂ ਦੀ ਯਾਦ ਵਿਚ ਸਾਲ 1960 ਤੋਂ ਦੇਸ਼ ਦੀਆਂ ਸਾਰੀਆਂ ਪੁਲਿਸ ਫੋਰਸਿਜ਼, ਸੁਰੱਖਿਆ ਬਲਾਂ ਵਲੋਂ ਲਏ ਗਏ ਫੈਸਲੇ ਮੁਤਾਬਕ ਹਰ ਸਾਲ 21 ਅਕਤੂਬਰ ਦਾ ਦਿਨ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਜਾਨਾਂ ਵਾਰਨ ਵਾਲੇ ਬਹਾਦਰ ਜਵਾਨਾਂ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ ਹੈ।
ਐੱਸ.ਐੱਸ.ਪੀ. ਨੇ ਕਿਹਾ ਕਿ ਸ਼ਹੀਦ ਦੇਸ਼ ਤੇ ਕੌਮ ਦਾ ਸਰਮਾਇਆ ਹੁੰਦੇ ਹਨ ਅਤੇ ਪੰਜਾਬ ਪੁਲਿਸ ਵੀ ਹਮੇਸ਼ਾ ਆਪਣੇ ਸ਼ਹੀਦਾਂ ਦੀ ਕਰਜ਼ਦਾਰ ਰਹੇਗੀ। ਉਨਾਂ ਕਿਹਾ ਕਿ ਸ਼ਹੀਦਾਂ ਦਾ ਪਰਿਵਾਰ ਸਾਡਾ ਪਰਿਵਾਰ ਹੈ ਅਤੇ ਪੁਲਿਸ ਵਿਭਾਗ ਸ਼ਹੀਦ ਪਰਿਵਾਰਾਂ ਦੇ ਹਰ ਦੁੱਖ-ਸੁੱਖ ਦੀ ਘੜੀ ਵਿੱਚ ਉਨਾਂ ਦੇ ਨਾਲ ਖੜਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ ਜਿਥੇ ਅੱਤਵਾਦ ਖਿਲਾਫ ਲੜਾਈ ਲੜੀ ਹੈ ਓਥੇ ਨਸ਼ਿਆਂ ਖਿਲਾਫ ਵੀ ਜੰਗ ਲੜੀ ਜਾ ਰਹੀ ਹੈ।
ਇਸ ਮੌਕੇ ਜੁਡੀਸ਼ੀਅਲ ਅਧਿਕਾਰੀਆਂ ਤੋਂ ਇਲਾਵਾ ਏ.ਡੀ.ਸੀ. ਲਤੀਫ਼ ਅਹਿਮਦ, ਐਸ.ਡੀ.ਐਮ. ਦਿੜ੍ਹਬਾ ਸਿਮਰਪ੍ਰੀਤ ਕੌਰ, ਐਸ.ਡੀ.ਐਮ. ਧੂਰੀ ਇਸ਼ਮਤ ਵਿਜੈ ਸਿੰਘ, ਐਸ.ਡੀ.ਐਮ. ਸੁਨਾਮ ਜਸਪ੍ਰੀਤ ਸਿੰਘ, ਐਸ.ਪੀ. ਆਲਮ ਵਿਜੈ ਸਿੰਘ, ਐਸ.ਪੀ. ਕਰਨਵੀਰ ਸਿੰਘ, ਕਮਾਂਡੈਂਟ ਰਛਪਾਲ ਸਿੰਘ ਅਤੇ ਪੁਲਿਸ ਵਿਭਾਗ ਦੇ ਸਮੂਹ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।
Please Share This News By Pressing Whatsapp Button