ਗੁਆਂਢੀ ਮੁਲਕ ਦੇ ਨਾਪਾਕ ਮਨਸੂਬੇ ਕਾਮਯਾਬ ਨਹੀਂ ਹੋਣ ਦੇਵੇਗੀ ਪੰਜਾਬ ਪੁਲਿਸ-ਆਈ.ਜੀ. ਛੀਨਾ -ਸ਼ਹੀਦਾਂ ਦੀ ਸ਼ਹਾਦਤ ਸਾਡੇ ਲਈ ਹਮੇਸ਼ਾ ਪ੍ਰੇਰਣਾ ਸ੍ਰੋਤ ਰਹੇਗੀ-ਛੀਨਾ
ਪਟਿਆਲਾ, 21 ਅਕਤੂਬਰ:(ਬਲਵਿੰਦਰ ਪਾਲ)
ਪਟਿਆਲਾ ਰੇਂਜ ਦੇ ਆਈ.ਜੀ. ਸ. ਮੁਖਵਿੰਦਰ ਸਿੰਘ ਛੀਨਾ ਨੇ ਕਿਹਾ ਹੈ ਕਿ ਪੰਜਾਬ ਪੁਲਿਸ ਦੇਸ਼ ਵਿਰੋਧੀ ਤਾਕਤਾਂ ਦਾ ਮੂੰਹ ਤੋੜ ਜਵਾਬ ਦੇਣ ਅਤੇ ਆਪਣੇ ਸੂਬੇ ਦੀ ਰਾਖੀ ਕਰਨ ਲਈ ਪੂਰੀ ਤਰ੍ਹਾਂ ਸਮਰੱਥ ਹੈ। ਸ. ਛੀਨਾ ਅੱਜ ਪੁਲਿਸ ਸ਼ਹੀਦੀ ਦਿਹਾੜੇ ਮੌਕੇ ਕਰਵਾਏ ਸਮਾਗਮ ‘ਚ ਪਟਿਆਲਾ ਦੀ ਪੁਲਿਸ ਲਾਈਨ ਵਿਖੇ ਸ਼ਹੀਦਾਂ ਦੀ ਸਮਾਧ ‘ਤੇ ਪੁਲਿਸ ਅਤੇ ਅਰਧ ਸੁਰੱਖਿਆ ਬਲਾਂ ਦੇ ਸ਼ਹੀਦ ਜਾਂਬਾਜ ਯੋਧਿਆਂ ਨੂੰ ਸ਼ਰਧਾਂਜਲੀ ਭੇਟ ਕਰਨ ਪੁੱਜੇ ਹੋਏ ਸਨ।
ਆਈ.ਜੀ. ਸ. ਛੀਨਾ ਨੇ ਸਮੂਹ ਪੁਲਿਸ ਅਤੇ ਅਰਧ ਸੁਰੱਖਿਆ ਬਲਾਂ ਦੇ ਡਿਊਟੀ ਦੌਰਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕਰਦਿਆਂ ਕਿਹਾ ਕਿ ਇਨ੍ਹਾਂ ਮਹਾਨ ਸ਼ਹੀਦਾਂ ਦੀ ਕੁਰਬਾਨੀ ਸਾਡੇ ਲਈ ਹਮੇਸ਼ਾ ਪ੍ਰੇਰਣਾ ਸਰੋਤ ਬਣੀ ਰਹੇਗੀ। ਸ. ਛੀਨਾ ਨੇ ਕਿਹਾ ਕਿ ਪੰਜਾਬ ‘ਚ 550 ਕਿਲੋਮੀਟਰ ਦੇ ਕਰੀਬ ਸੀਮਾ ਪਾਕਿਸਤਾਨ ਨਾਲ ਲੱਗਦੀ ਹੋਣ ਕਰਕੇ ਗੁਆਂਢੀ ਮੁਲਕ ਤੇ ਆਈ.ਐਸ.ਆਈ. ਦੀਆਂ ਸਾਜਿਸ਼ਾਂ ਕਾਰਨ ਪੰਜਾਬ ਪੁਲਿਸ ਨੇ ਕਰੀਬ 10 ਸਾਲ ਦਹਿਸ਼ਤਗਰਦੀ ਦਾ ਸਾਹਮਣਾ ਕੀਤਾ, ਜਿਸ ਦੌਰਾਨ ਪੁਲਿਸ ਅਫ਼ਸਰਾਂ, ਜਵਾਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਮੈਂਬਰਾਂ ਸਮੇਤ ਰਾਜ ਦੇ ਪੁਲਿਸ ਨਾਲ ਸਬੰਧਤ ਕੁਲ 1784 ਸ਼ਹੀਦ ਹੋਏ, ਇਨ੍ਹਾਂ ‘ਚੋਂ ਪਟਿਆਲਾ ਰੇਂਜ ਦੇ 157 ਸ਼ਹੀਦ ਸ਼ਾਮਲ ਹਨ। ਉਨ੍ਹ ਕਿਹਾ ਕਿ ਇਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਹੀ ਅੱਜ ਪੰਜਾਬ ‘ਚ ਅਮਨ-ਸ਼ਾਤੀ ਕਾਇਮ ਹੈ।
ਸ. ਛੀਨਾ ਨੇ ਕਿਹਾ ਕਿ ਬੇਸ਼ੱਕ ਗੁਆਂਢੀ ਸੂਬਾ ਅੱਜ ਵੀ ਗੜਬੜੀਆਂ ਕਰਨ ਤੋਂ ਬਾਜ ਨਹੀਂ ਆ ਰਿਹਾ ਪ੍ਰੰਤੂ ਪੰਜਾਬ ਪੁਲਿਸ ਉਸ ਦਾ ਮੂੰਹ ਤੋੜ ਜਵਾਬ ਦੇਣ ਲਈ ਪੂਰੀ ਤਰ੍ਹਾਂ ਸਮਰੱਥ ਹੈ ਅਤੇ ਕਿਸੇ ਦੇਸ਼ ਵਿਰੋਧੀ ਤਾਕਤ ਦੇ ਨਾਪਾਕ ਮਨਸੂਬੇ ਕਾਮਯਾਬ ਨਹੀਂ ਹੋਣ ਦਿੱਤੇ ਜਾਣਗੇ। ਆਈ.ਜੀ. ਨੇ ਦੱਸਿਆ ਕਿ ਅੱਜ ਦਾ ਦਿਨ ਉਨ੍ਹਾਂ ਮਹਾਨ 10 ਸ਼ਹੀਦਾਂ ਦੀ ਪਵਿਤਰ ਯਾਦ ‘ਚ ਮਨਾਇਆ ਜਾਂਦਾ ਹੈ, ਜਿਹੜੇ 21 ਅਕਤੂਬਰ 1959 ਨੂੰ ਹੌਟ ਸਪਰਿੰਗ ਲਦਾਖ ਵਿਖੇ ਚੀਨ ਦੀ ਫ਼ੌਜ ਵੱਲੋਂ ਸੀ.ਆਰ.ਪੀ.ਐਫ. ਅਤੇ ਇੰਟੈਲੀਜੈਂਸ ਬਿਊਰੋ ਦੀ ਸਾਂਝੀ ਗਸ਼ਤੀ ਟੁਕੜੀ ‘ਤੇ ਘਾਤ ਲਗਾ ਕੇ ਹਮਲਾ ਕਰਨ ਕਰਕੇ ਦੇਸ਼ ਦੀ ਰੱਖਿਆ ਕਰਦਿਆ ਸ਼ਹੀਦੀਆਂ ਪਾ ਗਏ ਸਨ।
ਇਸ ਮੌਕੇ ਐਸ.ਐਸ.ਪੀ. ਸ. ਹਰਚਰਨ ਸਿੰਘ ਭੁੱਲਰ ਨੇ ਸ਼ਹੀਦਾਂ ਦਾ ਪਰਿਵਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਮਹਾਨ ਸ਼ਹੀਦਾਂ ਦੀ ਕੁਰਬਾਨੀ ਦੀ ਬਦੌਲਤ ਹੀ ਆਜ਼ਾਦ ਫ਼ਿਜ਼ਾ ਅਤੇ ਸ਼ਾਂਤੀ ਦੀ ਬਹਾਲੀ ਹੋਈ ਹੈ, ਜਿਸ ਲਈ ਇਨ੍ਹਾਂ ਸ਼ਹੀਦ ਪਰਿਵਾਰਾਂ ਦਾ ਮੁੱਲ ਮੋੜਿਆ ਨਹੀਂ ਜਾ ਸਕਦਾ। ਸ. ਭੁੱਲਰ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਸ਼ਹੀਦ ਪਰਿਵਾਰਾਂ ਦੀ ਪੈਨਸ਼ਨ ਦਾ ਸਪੈਸ਼ਲ ਏਰੀਅਰ 2017 ਤੋਂ ਬਾਅਦ ਮੁੜ ਲਾਗੂ ਕਰ ਦਿੱਤਾ ਗਿਆ ਹੈ।
ਇਸ ਦੌਰਾਨ ਆਈ.ਜੀ. ਸ. ਐਮ.ਐਸ. ਛੀਨਾ, ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ, ਐਸ.ਐਸ.ਪੀ. ਸ. ਹਰਚਰਨ ਸਿੰਘ ਭੁੱਲਰ, ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ, ਵਧੀਕ ਜ਼ਿਲ੍ਹਾ ਅਤੇ ਸੈਸ਼ਨਜ ਜੱਜ ਸ੍ਰੀ ਰਣਜੀਤ ਜੈਨ ਤੇ ਸ. ਹਰੀ ਸਿੰਘ ਗਰੇਵਾਲ ਸਮੇਤ ਮੌਜੂਦਾ ਤੇ ਸਾਬਕਾ ਪੁਲਿਸ ਅਧਿਕਾਰੀਆਂ ਤੇ ਸ਼ਹੀਦ ਪਰਿਵਾਰਾਂ ਨੇ ਸ਼ਹੀਦਾਂ ਦੀ ਸਮਾਧੀ ‘ਤੇ ਫੁਲ ਮਾਲਾਵਾਂ ਭੇਟ ਕੀਤੀਆਂ। ਡੀ.ਐਸ.ਪੀ. ਮੋਹਿਤ ਅਗਰਵਾਲ ਦੀ ਅਗਵਾਈ ਹੇਠਲੀ ਪੁਲਿਸ ਟੁਕੜੀ ਨੇ ਸੋਗ ਤੇ ਸਲਾਮੀ ਸ਼ਾਸ਼ਤਰ ਅਤੇ ਦੋ ਮਿੰਟ ਦਾ ਮੌਨ ਧਾਰਨ ਮਗਰੋਂ ਬਿਗਲਰ ਵੱਲੋਂ ਰਿਵਾਲੀ ਦੀ ਧੁਨ ਵਜਾਏ ਜਾਣ ਨਾਲ ਸ਼ਹੀਦਾਂ ਨੂੰ ਸਲਾਮੀ ਦਿੱਤੀ।
ਪਟਿਆਲਾ ਦੇ ਐਸ.ਪੀ. (ਸਥਾਨਕ) ਹਰਕਮਲ ਕੌਰ ਨੇ ਦੇਸ਼ ਦੀ ਅੰਦਰੂਨੀ ਅਤੇ ਬਾਹਰੀ ਸੁਰੱਖਿਆ ਲਈ ਦੇਸ਼ ਭਰ ਵਿੱਚ ਸ਼ਹੀਦ ਹੋਣ ਵਾਲੇ ਸਮੂਹ ਪੁਲਿਸ ਤੇ ਅਰਧ ਸੈਨਿਕ ਬਲਾਂ ਦੇ ਅਧਿਕਾਰੀਆਂ ਤੇ ਜਵਾਨਾਂ ਦੇ ਨਾਮ ਪੜ੍ਹ ਕੇ ਸ਼ਰਧਾਂਜਲੀ ਭੇਟ ਕੀਤੀ। ਬਾਅਦ ‘ਚ ਆਈ.ਜੀ. ਅਤੇ ਐਸ.ਐਸ.ਪੀ. ਨੇ ਜ਼ਿਲ੍ਹਾ ਪੁਲਿਸ ਵੱਲੋਂ ਸ਼ਹੀਦ ਪਰਿਵਾਰਾਂ ਦਾ ਸਨਮਾਨ ਕੀਤਾ ਅਤੇ ਸ਼ਹੀਦ ਪਰਿਵਾਰਾਂ ਦੀਆਂ ਦੁੱਖ ਤਕਲੀਫ਼ਾਂ ਵੀ ਸੁਣੀਆਂ। ਇਸ ਦੌਰਾਨ ਜ਼ਿਲ੍ਹਾ ਪੁਲਿਸ ਵੱਲੋਂ ਸ਼ਹੀਦਾਂ ਦੀ ਯਾਦ ‘ਚ ਖ਼ੂਨਦਾਨ ਕੈਂਪ ਵੀ ਲਗਾਇਆ ਗਿਆ।
ਸਮਾਗਮ ਮੌਕੇ ਸਾਬਕਾ ਆਈ.ਜੀ. ਪਰਮਜੀਤ ਸਿੰਘ ਗਿੱਲ, ਪਰਮਜੀਤ ਸਿੰਘ ਗਰੇਵਾਲ, ਅਮਰ ਸਿੰਘ ਚਾਹਲ, ਬਲਕਾਰ ਸਿੰਘ ਸਿੱਧੂ, ਸਾਬਕਾ ਐਸ.ਪੀਜ ਅਮਰਜੀਤ ਸਿੰਘ ਘੁੰਮਣ, ਸੁਖਦੇਵ ਸਿੰਘ ਵਿਰਕ, ਸਮਸ਼ੇਰ ਸਿੰਘ ਬੋਪਾਰਾਏ, ਮਨਜੀਤ ਸਿੰਘ ਬਰਾੜ, ਪੰਜਾਬ ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੇ ਸਪ੍ਰਸਤ ਸਮਸ਼ੇਰ ਸਿੰਘ ਗੁੱਡੂ ਤੇ ਪ੍ਰਧਾਨ ਸੁਖਵਿੰਦਰ ਸਿੰਘ, ਪ੍ਰਿੰਸੀਪਲ ਪੁਲਿਸ ਡੀ.ਏ.ਵੀ. ਸਕੂਲ ਮੀਨਾ ਥਾਪਰ, ਜ਼ਿਲ੍ਹੇ ਦੇ ਸਮੂਹ ਐਸ.ਪੀਜ. ਡਾ. ਮਹਿਤਾਬ ਸਿੰਘ, ਕੇਸਰ ਸਿੰਘ ਧਾਲੀਵਾਲ, ਹਰਕਮਲ ਕੌਰ ਤੇ ਪਲਵਿੰਦਰ ਸਿੰਘ ਚੀਮਾ, ਡੀ.ਐਸ.ਪੀ. (ਸਥਾਨਕ) ਗੁਰਦੇਵ ਸਿੰਘ ਧਾਲੀਵਾਲ ਸਮੇਤ ਬਾਕੀ ਡੀ.ਐਸ.ਪੀਜ ਤੇ ਹੋਰ ਅਧਿਕਾਰੀਆਂ ਨੇ ਵੀ ਸ਼ਹੀਦਾਂ ਦੇ ਪਰਿਵਾਰਾਂ ਨਾਲ ਸ਼ਹੀਦੀ ਯਾਦਗਾਰ ਅਤੇ ਸ਼ਹੀਦਾਂ ਦੀਆਂ ਤਸਵੀਰਾਂ ‘ਤੇ ਫੁੱਲਾਂ ਦੀਆਂ ਰੀਥਾਂ ਰੱਖ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ।
Please Share This News By Pressing Whatsapp Button