ਐਸ.ਸੀ. ਕਮਿਸ਼ਨ ਦੇ ਮੈਂਬਰ ਚੰਦਰੇਸ਼ਵਰ ਸਿੰਘ ਮੋਹੀ ਵੱਲੋਂ ਗੁਲਾਹੜ ਦਾ ਦੌਰਾ, ਸ਼ਿਕਾਇਤ ਦਾ ਨਿਪਟਾਰਾ
ਸ਼ੁਤਰਾਣਾ/ਪਾਤੜਾਂ, 21 ਅਕਤੂਬਰ:
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਸ੍ਰੀ ਚੰਦਰੇਸ਼ਵਰ ਸਿੰਘ ਮੋਹੀ ਨੇ ਪਾਤੜਾਂ ਨੇੜਲੇ ਪਿੰਡ ਗੁਲਾਹੜ ਪੁੱਜਕੇ ਅਨੁਸੂਚਿਤ ਜਾਤੀ ਨਾਲ ਸਬੰਧਤ ਇੱਕ ਵਿਅਕਤੀ ਸੇਵਾ ਸਿੰਘ ਦੀ ਸ਼ਿਕਾਇਤ ਦੀ ਸੁਣਵਾਈ ਕਰਕੇ ਇਸਦਾ ਨਿਪਟਾਰਾ ਕਰਵਾਇਆ।
ਸ੍ਰੀ ਮੋਹੀ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਵੱਲੋਂ ਵਾਹੀ ਜਾ ਰਹੀ ਸ਼ਾਮਲਾਟ ਜਮੀਨ ਦਾ ਤਿੰਨ ਸਾਲਾਂ ਦਾ ਚਕੋਤਾ ਕਰੀਬ ਢਾਈ ਲੱਖ ਰੁਪਏ ਦਾ ਬਕਾਇਆ ਮੁਆਫ਼ ਕਰਵਾਇਆ ਗਿਆ ਜਦਕਿ ਇਸ ਸਾਲ 2021-21 ਤੋਂ ਚਕੋਤੇ ਦੀ ਰਕਮ ਗ੍ਰਾਮ ਪੰਚਾਇਤ ਗੁਰੂ ਤੇਗ ਬਹਾਦਰ ਨਗਰ ਨੂੰ ਅਦਾ ਕਰਨ ਲਈ ਕਿਹਾ ਗਿਆ। ਇਸ ਤੋਂ ਇਲਾਵਾ ਸ਼ਿਕਾਇਤ ਕਰਤਾ, ਜਿਸ ਨੂੰ ਕਿ ਗ੍ਰਾਮ ਪੰਚਾਇਤ ਵੱਲੋਂ ਡਿਫਾਲਟਰ ਐਲਾਨਿਆ ਗਿਆ ਸੀ, ਨੂੰ ਅਗਲੇ ਸਾਲ ਤੋਂ ਪੰਚਾਇਤੀ ਜਮੀਨ ਦੀ ਬੋਲੀ ‘ਚ ਹਿੱਸਾ ਲੈਣ ਲਈ ਯੋਗ ਬਣਾਇਆ ਗਿਆ ਨਾਲ ਹੀ ਪੰਚਾਇਤ ਨੂੰ ਕਿਹਾ ਗਿਆ ਕਿ ਜਮੀਨ ‘ਚ ਟਿਊਬਵੈਲ ਲਈ ਬਿਜਲੀ ਕੁਨੈਕਸ਼ਨ ਲਗਵਾਉਣ ਲਈ ਕਾਰਵਾਈ ਅਮਲ ‘ਚ ਲਿਆਂਦੀ ਜਾਵੇ।
ਸ੍ਰੀ ਚੰਦਰੇਸ਼ਵਰ ਸਿੰਘ ਮੋਹੀ ਨੇ ਦੱਸਿਆ ਕਿ ਅਨੁਸੂਚਿਤ ਜਾਤੀ ਨਾਲ ਸਬੰਧਤ ਸੇਵਾ ਸਿੰਘ, ਨੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਕੋਲ ਆਪਣੀ ਸ਼ਿਕਾਇਤ ਭੇਜੀ ਸੀ, ਜਿਸ ਦੀ ਸੁਣਵਾਈ ਕਰਨ ਲਈ ਚੇਅਰਪਰਸਨ ਸ੍ਰੀਮਤੀ ਤਜਿੰਦਰ ਕੌਰ ਨੇ ਉਨ੍ਹਾਂ ਦੀ ਡਿਊਟੀ ਲਗਾਈ ਸੀ ਅਤੇ ਉਨ੍ਹਾਂ ਨੇ ਅੱਜ ਇਸਦਾ ਨਿਪਟਾਰਾ ਦੋਵਾਂ ਧਿਰਾਂ ਦੀ ਸਹਿਮਤੀ ਨਾਲ ਕਰਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਮਿਸ਼ਨ, ਅਨੁਸੂਚਿਤ ਜਾਤੀਆਂ ਨਾਲ ਸਬੰਧਤ ਲੋਕਾਂ ਦੀ ਭਲਾਈ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਵਚਨਬੱਧ ਹੈ।
ਇਸ ਮੌਕੇ ਡੀ.ਐਸ.ਪੀ. ਪਾਤੜਾਂ ਬੂਟਾ ਸਿੰਘ ਗਿੱਲ, ਨਾਇਬ ਤਹਿਸੀਲਦਾਰ ਰਾਮ ਲਾਲ, ਬੀ.ਡੀ.ਪੀ.ਓ. ਵਨੀਤਾ ਮਿੱਤਲ, ਤਹਿਸੀਲ ਭਲਾਈ ਅਫ਼ਸਰ ਸੁਖਪ੍ਰੀਤ ਕੌਰ, ਥਾਣਾ ਮੁਖੀ ਸਮਸ਼ੇਰ ਸਿੰਘ, ਪਿੰਡ ਦੇ ਸਰਪੰਚ ਅਜਾਇਬ ਸਿੰਘ, ਬੂਟਾ ਸਿੰਘ, ਅਵਤਾਰ ਸਿੰਘ ਤੇ ਲਖਵਿੰਦਰ ਸਿੰਘ ਸਮੇਤ ਹੋਰ ਪਤਵੰਤੇ ਮੌਜੂਦ ਸਨ।
Please Share This News By Pressing Whatsapp Button