ਜ਼ਿਲ੍ਹਾ ਪੱਧਰੀ ਪੰਜਾਬੀ ਤੇ ਹਿੰਦੀ ਕਵਿਤਾ ਗਾਇਨ ਮੁਕਾਬਲੇ ਕਰਵਾਏ -ਜ਼ਿਲ੍ਹਾ ਭਾਸ਼ਾ ਅਫ਼ਸਰ ਵੱਲੋਂ ਜੇਤੂ ਵਿਦਿਆਰਥੀਆਂ ਦਾ ਸਨਮਾਨ
ਪਟਿਆਲਾ, 23 ਅਕਤੂਬਰ:(ਬਲਵਿੰਦਰ ਪਾਲ)
ਭਾਸ਼ਾ ਦਫ਼ਤਰ ਪਟਿਆਲਾ ਵਿਖੇ ਜ਼ਿਲ੍ਹੇ ਨਾਲ ਸਬੰਧਤ ਸਕੂਲਾਂ ਦੇ ਦਸਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਦੇ ਜ਼ਿਲ੍ਹਾ ਪੱਧਰੀ ਪੰਜਾਬੀ ਅਤੇ ਹਿੰਦੀ ਕਵਿਤਾ ਗਾਇਨ ਮੁਕਾਬਲੇ ਜ਼ਿਲ੍ਹਾ ਭਾਸ਼ਾ ਅਫ਼ਸਰ ਸ੍ਰੀਮਤੀ ਚੰਦਨਦੀਪ ਕੌਰ ਦੀ ਅਗਵਾਈ ਵਿਚ ਕਰਵਾਏ ਗਏ। ਪੰਜਾਬੀ ਤੇ ਹਿੰਦੀ ਕਵਿਤਾ ਦੇ ਹੋਏ ਇਨ੍ਹਾਂ ਮੁਕਾਬਲਿਆਂ ਵਿੱਚ ਜੱਜ ਦੀ ਭੂਮਿਕਾ ਸ੍ਰੀ ਪਰਮਜੀਤ ਸਿੰਘ ਪਰਵਾਨਾ, ਗੁਰਚਰਨ ਸਿੰਘ ਪੱਬੇਰਾਲੀ, ਪੂਨਮ ਗੁਪਤਾ ਅਤੇ ਅਲਕਾ ਅਰੋੜਾ ਵਲੋਂ ਨਿਭਾਈ ਗਈ।
ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ਜ਼ਿਲ੍ਹਾ ਭਾਸ਼ਾ ਅਫ਼ਸਰ ਚੰਦਨਦੀਪ ਕੌਰ ਨੇ ਕਿਹਾ ਕਿ ਅਜਿਹੇ ਮੁਕਾਬਲਿਆਂ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਆਪਣੀ ਮਾਤ ਭਾਸ਼ਾ ਦੀਆਂ ਵੱਖ ਵੱਖ ਵੰਨਗੀਆਂ ਤੋਂ ਜਾਣੂ ਕਰਵਾਉਣਾ ਹੈ ਤੇ ਵਿਦਿਆਰਥੀਆਂ ਅੰਦਰ ਛੁੱਪੀ ਪ੍ਰਤੀਭਾ ਨੂੰ ਮੰਚ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਆਉਣ ਵਾਲੇ ਸਮੇਂ ‘ਚ ਅਜਿਹੇ ਉਪਰਾਲੇ ਜਾਰੀ ਰੱਖੇ ਜਾਣਗੇ ਤਾਂ ਜੋ ਵਿਦਿਆਰਥੀਆਂ ਨੂੰ ਆਪਣਾ ਹੁਨਰ ਦਿਖਾਉਣ ਦਾ ਮੌਕੇ ਮਿਲ ਸਕੇ।
ਜ਼ਿਲ੍ਹਾ ਭਾਸ਼ਾ ਅਫ਼ਸਰ ਚੰਦਨਦੀਪ ਕੌਰ ਨੇ ਮੁਕਾਬਲਿਆਂ ‘ਚ ਜੇਤੂ ਵਿਦਿਆਰਥੀਆਂ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ‘ਪੰਜਾਬੀ ਕਵਿਤਾ ਗਾਇਨ’ ਮੁਕਾਬਲੇ ਵਿਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੀਲਖਾਨਾ ਦੀ ਭਵਜੋਤ ਕੌਰ ਨੇ ਪਹਿਲਾ ਸਥਾਨ, ਗੁਰੂ ਤੇਗ ਬਹਾਦਰ ਮਾਡਲ ਸਕੂਲ ਦੀ ਹਰਸ਼ਦੀਪ ਕੌਰ ਨੇ ਦੂਸਰਾ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੀਲਖਾਨਾ ਦੀ ਜਸਪ੍ਰੀਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ ਹੈ।
ਉਨ੍ਹਾਂ ਦੱਸਿਆ ਕਿ ‘ਹਿੰਦੀ ਕਵਿਤਾ ਗਾਇਨ’ ਵਿਚੋਂ ਸਰਕਾਰੀ ਕੰਨਿਆ ਨਿਊ ਪਾਵਰ ਸਕੂਲ ਦੀ ਜਸਪ੍ਰੀਤ ਕੌਰ ਨੇ ਪਹਿਲਾਂ, ਸਰਕਾਰੀ ਵਿਕਟੋਰੀਆ ਸਕੂਲ ਦੀ ਮਨਪ੍ਰੀਤ ਕੌਰ ਨੇ ਦੂਸਰਾ ਤੇ ਸਰਕਾਰੀ ਹਾਈ ਸਕੂਲ ਘਾਸ ਮੰਡੀ ਦੀ ਇੰਦਰਪ੍ਰੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਮੁਕਾਬਲਿਆਂ ਵਿਚੋਂ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਜ਼ਿਲ੍ਹਾ ਭਾਸ਼ਾ ਅਫ਼ਸਰ, ਪਟਿਆਲਾ ਸ੍ਰੀਮਤੀ ਚੰਦਨਦੀਪ ਕੌਰ ਵਲੋਂ ਸਰਟੀਫਿਕੇਟ ਦੇਕੇ ਸਨਮਾਨ ਕੀਤਾ ਗਿਆ। ਇਸ ਮੁਕਾਬਲੇ ਵਿਚ ਵਿਭਾਗ ਦੇ ਅਧਿਕਾਰੀ ਸ੍ਰੀਮਤੀ ਨਵਨੀਤ ਕੌਰ, ਸ੍ਰੀਮਤੀ ਹਰਵਿੰਦਰ ਕੌਰ ਅਤੇ ਸ੍ਰੀਮਤੀ ਸੁਮਨ ਵਰਮਾ ਵਲੋਂ ਵੀ ਪੂਰਾ ਸਹਿਯੋਗ ਦਿੱਤਾ ਗਿਆ।
Please Share This News By Pressing Whatsapp Button