ਪਰਾਲੀ ਨੂੰ ਅੱਗ ਨਾ ਲਾਉਣ ਵਾਲੇ ਕਿਸਾਨਾਂ ਦੇ ਤਜਰਬਿਆਂ ਤੋਂ ਸੇਧ ਲੈਣ ਬਾਕੀ ਕਿਸਾਨ-ਸੰਦੀਪ ਹੰਸ
ਨਾਭਾ, 25 ਅਕਤੂਬਰ:
ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਮੌਜੂਦਾ ਬਦਲਦੇ ਦੌਰ ਦੇ ਮੱਦੇਨਜ਼ਰ ਖੇਤੀ ਮਾਹਰਾਂ ਦੀਆਂ ਸਿਫ਼ਾਰਸ਼ਾਂ ‘ਤੇ ਅਮਲ ਕਰਦਿਆਂ ਰਵਾਇਤੀ ਖੇਤੀ ਦੇ ਨਾਲ-ਨਾਲ ਸਹਾਇਕ ਧੰਦੇ ਅਤੇ ਖੇਤੀ ਵਿਭਿੰਨਤਾ ਦਾ ਰਾਹ ਅਪਨਾਉਣ। ਉਹ ਅੱਜ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ, ਪਟਿਆਲਾ ਵੱਲੋਂ ਆਤਮਾ ਦੇ ਸਹਿਯੋਗ ਨਾਲ ਕਿਸਾਨਾਂ ਨੂੰ ਹਾੜ੍ਹੀ 2021-22 ਦੀਆਂ ਫ਼ਸਲਾਂ ਬਾਰੇ ਨਵੀਨਤਮ ਤਕਨੀਕੀ ਜਾਣਕਾਰੀ ਦੇਣ ਲਈ ਲਗਾਏ ਗਏ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਅਤੇ ਪ੍ਰਦਰਸ਼ਨੀ ਦਾ ਉਦਘਾਟਨ ਕਰਨ ਪੁੱਜੇ ਹੋਏ ਸਨ।
ਸ੍ਰੀ ਸੰਦੀਪ ਹੰਸ ਨੇ ਜ਼ਿਲ੍ਹੇ ਭਰ ‘ਚੋਂ ਪੁੱਜੇ ਵੱਡੀ ਗਿਣਤੀ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਮਧੂ ਮੱਖੀ ਪਾਲਣ, ਪਸ਼ੂ ਪਾਲਣ, ਮੱਛੀ ਪਾਲਣ, ਮੁਰਗੀ ਪਾਲਣ, ਡੇਅਰੀ, ਬਾਗਬਾਨੀ, ਫੁੱਲਾਂ ਦੀ ਕਾਸ਼ਤ ਅਪਣਾ ਕੇ ਇਨ੍ਹਾਂ ਤੋਂ ਵੱਧ ਆਮਦਨ ਲੈਣ ਲਈ ਇਸ ਦੀ ਬਰਾਂਡਿੰਗ ਤੇ ਮਾਰਕੀਟਿੰਗ ਵੱਲ ਵੀ ਧਿਆਨ ਦੇਣ। ਪਰਾਲੀ ਨੂੰ ਅੱਗ ਨਾ ਲਗਾ ਕੇ ਕਣਕ ਦੀ ਬਿਜਾਈ ਕਰਨ ਵਾਲੇ 32 ਅਗਾਂਹਵਧੂ ਕਿਸਾਨਾਂ ਨੂੰ ਸਨਮਾਨਤ ਕਰਨ ਮਗਰੋਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਕਿਸਾਨਾਂ ਦੇ ਤਜਰਬਿਆਂ ਤੋਂ ਬਾਕੀ ਕਿਸਾਨ ਵੀ ਸੇਧ ਲੈਣ ਅਤੇ ਸਾਡੇ ਗੁਰੂ ਸਾਹਿਬਾਨਾਂ ਵੱਲੋਂ ਦਿਖਾਏ ਰਸਤੇ ‘ਤੇ ਚਲਦਿਆਂ ਧਰਤੀ, ਪਾਣੀ ਤੇ ਹਵਾ ਨੂੰ ਪਲੀਤ ਹੋਣ ਤੋਂ ਰੋਕਣ ਲਈ ਪਰਾਲੀ ਨੂੰ ਅੱਗ ਨਾ ਲਗਾਉਣ।
ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਸਬੰਧੀ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਚਲਾਈ ਜਾ ਰਹੀ ਮੁਹਿੰਮ ਵਿੱਚ ਇਕਜੁਟਤਾ ਨਾਲ ਪੂਰਨ ਸਹਿਯੋਗ ਦੇਣ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਹਰ ਸਮੇਂ ਕਿਸਾਨਾਂ ਦੀ ਹਰ ਸੰਭਵ ਮਦਦ ਕਰਨ ਲਈ ਵਚਨਬੱਧ ਹੈ। ਪੱਤਰਕਾਰਾਂ ਵੱਲੋਂ ਬੇਮੌਸਮੇ ਮੀਂਹ ਤੇ ਗੜ੍ਹੇਮਾਰੀ ਕਰਕੇ ਹੋਏ ਨੁਕਸਾਨ ਬਾਬਤ ਪੁੱਛੇ ਜਾਣ ‘ਤੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ‘ਚ ਇਸ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾ ਰਹੀ ਹੈ।
ਕੈਂਪ ‘ਚ ਵਿਸ਼ੇਸ਼ ਮਹਿਮਾਨ ਵਜੋਂ ਐਸ.ਡੀ.ਐਮ ਨਾਭਾ ਕਨੂ ਗਰਗ ਸਮੇਤ ਕਿਸਾਨਾਂ ਜੀਤ ਸਿੰਘ ਪਿੰਡ ਰਾਜਗੜ੍ਹ, ਗੁਰਚਰਨ ਸਿੰਘ, ਦੁਲੱਦੀ, ਹਰਨੇਕ ਸਿੰਘ ਸਾਧੋਹੇੜੀ ਤੇ ਪ੍ਰਿਥੀ ਸਿੰਘ ਆਦਿ ਕਿਸਾਨਾਂ ਨੇ ਵੀ ਭਾਗ ਲਿਆ।ਕੈਪ ਦੀ ਪ੍ਰਧਾਨਗੀ ਕਰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰਪਾਲ ਸਿੰਘ ਗਰੇਵਾਲ ਨੇ ਖੇਤੀਬਾੜੀ ਗਤੀਵਿਧੀਆਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਨ-ਸੀਟੂ ਸਕੀਮ ਅਧੀਨ ਜਿਨ੍ਹਾਂ ਕਿਸਾਨਾਂ ਨੇ ਕਸਟਮ ਹਾਇਰਿੰਗ ਸੈਟਰਾਂ ਕੋਲ ਮਸ਼ੀਨਰੀ ਲਈ ਅਪਲਾਈ ਕੀਤਾ ਸੀ, ਉਨ੍ਹਾਂ ਨੂੰ ਪੋਰਟਲ ਰਾਹੀ ਮਸ਼ੀਨਰੀ ਜਾਰੀ ਕੀਤੀ ਜਾ ਰਹੀ ਹੈ।
ਕੈਂਪ ਦੇ ਤਕਨੀਕੀ ਸ਼ੈਸ਼ਨ ਦੌਰਾਨ ਪੀ.ਏ.ਯੂ ਤੇ ਖੇਤੀ ਵਿਭਾਗ ਦੇ ਮਾਹਰਾਂ ਨੇ ਭਰਪੂਰ ਜਾਣਕਾਰੀ ਦਿੱਤੀ। ਡਿਪਟੀ ਕਮਿਸ਼ਨਰ ਨੇ ਕਿਸਾਨ ਮੇਲੇ ‘ਚ ਪਸ਼ੂ ਪਾਲਣ, ਮੱਛੀ ਪਾਲਣ, ਭੂਮੀ ਰੱਖਿਆ ਆਦਿ ਵਿਭਾਗਾਂ ਤੇ ਮਾਰਕਫੈਡ, ਖੇਤੀਬਾੜੀ ਮਸ਼ੀਨਰੀ ਅਤੇ ਸਵੈ ਸਹਾਇਤਾ ਗਰੁੱਪਾਂ ਵੱਲੋਂ ਲਗਾਈਆਂ ਪ੍ਰਦਰਸ਼ਨੀਆਂ ਦਾ ਜਾਇਜ਼ਾ ਵੀ ਲਿਆ। ਕੈਂਪ ਦੌਰਾਨ ਖੇਤੀਬਾੜੀ ਅਫ਼ਸਰ ਡਾ. ਅਵਨਿੰਦਰ ਸਿੰਘ ਮਾਨ ਨੇ ਮੰਚ ਸੰਚਾਲਨ ਕਰਦਿਆਂ ਕਿਸਾਨਾਂ ਦੀਆਂ ਸਮੱਸਿਆਵਾਂ ਅਤੇੇ ਪ੍ਰਸ਼ਨਾਂ ਦੇ ਢੁਕਵੇ ਜਵਾਬ ਦਿੱਤੇ।ਇਸ ਮੌਕੇ ਬਲਾਕ ਖੇਤੀਬਾੜੀ ਅਫ਼ਸਰ ਨਾਭਾ ਕੁਲਦੀਪ ਸਿੰਘ ਸਮੇਤ ਹੋਰ ਅਧਿਕਾਰੀ ਤੇ ਖੇਤੀਬਾੜੀ ਮਾਹਰ ਮੌਜੂਦ ਸਨ।
Please Share This News By Pressing Whatsapp Button