
ਅਹਿਮਦਗੜ੍ਹ ਵਿਖੇ ਲੋਕਾਂ ਦੀ ਸਹੂਲਤ ਲਈ 28 ਅਤੇ 29 ਅਕਤੂਬਰ ਨੂੰ ਲਗਾਏ ਜਾਣਗੇ ਸੁਵਿਧਾ ਕੈਂਪ-ਐਸ.ਡੀ.ਐਮ.
ਮਲੇਰਕੋਟਲਾ /ਅਹਿਮਦਗੜ੍ਹ 26 ਅਕਤੂਬਰ :
ਉਪ ਮੰਡਲ ਮੈਜਿਸਟ੍ਰੇਟ ਅਹਿਮਦਗੜ੍ਹ ਸ੍ਰੀ ਹਰਬੰਸ ਸਿੰਘ ਨੇ ਦੱਸਿਆ ਕਿ ਸਬ ਡਵੀਜ਼ਨ ਦੇ ਲੋਕਾਂ ਨੂੰ ਸਰਕਾਰ ਦੁਆਰਾ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਅਤੇ ਵੱਖ-ਵੱਖ ਸਕੀਮਾਂ ਦਾ ਲਾਭ ਬਿਨਾਂ ਕਿਸੇ ਖੱਜਲ-ਖ਼ੁਆਰੀ ਦੇ ਦੇਣ ਲਈ ਸਬ ਡਵੀਜ਼ਨ ਪੱਧਰ ਉੱਤੇ ਵਿਸ਼ੇਸ਼ ਸੁਵਿਧਾ ਕੈਂਪ ਦਾ ਮਿਤੀ 28 ਅਤੇ 29 ਅਕਤੂਬਰ ਨੂੰ ਲਗਾਏ ਜਾ ਰਹੇ ਹਨ ।ਇਸ ਵਿਸ਼ੇਸ਼ ਸੁਵਿਧਾ ਕੈਂਪਾਂ ਦੌਰਾਨ ਬਿਜਲੀ ਬਿਲ ਮੁਆਫ਼ੀ ਅਤੇ ਹੋਰ 15 ਲੋਕਪੱਖੀ ਸਕੀਮਾਂ ਦਾ ਲਾਭ ਦੇਣ ਲਈ ਆਮ ਲੋਕਾਂ ਦੇ ਫਾਰਮ ਭਰੇ ਜਾਣਗੇ ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੀ ਇੱਛਾ ਹੈ ਕਿ ਕਿਸੇ ਵੀ ਜ਼ਰੂਰਤਮੰਦ ਨੂੰ ਬਿਨਾਂ ਕਿਸੇ ਜ਼ਰੂਰੀ ਕਾਰਨ ਦੇ ਦਫ਼ਤਰਾਂ ਦੇ ਚੱਕਰ ਨਾ ਮਾਰਨੇ ਪੈਣ।ਜ਼ਰੂਰਤਮੰਦ ਲੋਕ ਸਰਕਾਰ ਦੁਆਰਾ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਲਈ ਦਫ਼ਤਰਾਂ ਦੇ ਚੱਕਰ ਦਸਤਾਵੇਜ਼ ਪੂਰੇ ਕਰਨ ਲਈ ਲਗਾਉਂਦੇ ਹਨ, ਜਿਸ ਲਈ ਉਨ੍ਹਾਂ ਨੂੰ ਕਈ ਵਾਰ ਤਹਿਸੀਲ ਜਾਂ ਜ਼ਿਲ੍ਹੇ ਪੱਧਰ ਦੇ ਦਫ਼ਤਰਾਂ ਵਿਚ ਆਉਣਾ ਪੈਂਦਾ ਹੈ, ਇਸ ਨਾਲ ਜਿੱਥੇ ਉਨ੍ਹਾਂ ਦਾ ਪੈਸਾ ਬਰਬਾਦ ਹੁੰਦਾ ਹੈ, ਉੱਥੇ ਵਾਧੂ ਸਮਾਂ ਵੀ ਲੱਗਦਾ ਹੈ, ਇਸ ਲਈ ਜ਼ਰੂਰੀ ਹੈ ਕਿ ਉਨ੍ਹਾਂ ਦੀ ਰਿਹਾਇਸ਼ ਨੇੜੇ ਪ੍ਰਬੰਧ ਕਰਕੇ ਇਕ ਹੀ ਛੱਤ ਹੇਠ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ।
ਉਨ੍ਹਾਂ ਦੱਸਿਆ ਕਿ ਸਬ ਡਵੀਜ਼ਨ ਅਹਿਮਦਗੜ੍ਹ ਵਿਖੇ ਮਿਤੀ 28 ਅਕਤੂਬਰ ਨੂੰ ਪਿੰਡ ਦਹਿਲੀਜ਼ ਕਲਾਂ ਦੇ ਗੁਰਦੁਆਰਾ ਸਾਹਿਬ ਦੇ ਗਰਾਊਂਡ ਅਤੇ ਮਿਤੀ 29.10.2021 ਨੂੰ ਪਿੰਡ ਕੁੱਪ ਕਲਾਂ ਦੇ ਗੁਰਦੁਆਰਾ ਸਾਹਿਬ ਦੇ ਗਰਾਊਂਡ ਸਵੇਰੇ 09.00 ਵਜੇ ਤੋਂ ਸ਼ਾਮ 05.00 ਵਜੇ ਤੱਕ ਵਿਸ਼ੇਸ਼ ਸੁਵਿਧਾ ਕੈਂਪਾਂ ਦਾ ਲਗਾਏ ਜਾਣਗੇ । ਉਨ੍ਹਾਂ ਕਿਹਾ ਇਨ੍ਹਾਂ ਕੈਂਪਾਂ ਦੇ ਆਯੋਜਿਤ ਕਰਨ ਦਾ ਮੁੱਖ ਮਕਸਦ ਲੋਕਾਂ ਨੂੰ ਉਨ੍ਹਾਂ ਦੇ ਘਰ ਦੇ ਨੇੜੇ ਸਹੂਲਤ ਪ੍ਰਦਾਨ ਕਰਨਾ ਹੈ ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਵਿਚ ਬੇਘਰੇ ਲੋਕਾਂ ਨੂੰ 5-5 ਮਰਲੇ ਦੇ ਪਲਾਟ, ਬਿਜਲੀ ਬਿੱਲਾਂ ਦੇ ਬਕਾਇਆ ਰਾਸ਼ੀ ਦੀ ਮੁਆਫ਼ੀ, ਬੁਢਾਪਾ, ਵਿਧਵਾ, ਅੰਗਹੀਣ ਤੇ ਆਸ਼ਰਿਤਾਂ ਨੂੰ ਪੈਨਸ਼ਨ, ਪ੍ਰਧਾਨ ਮੰਤਰੀ ਯੋਜਨਾ ਅਧੀਨ ਪੱਕਾ ਮਕਾਨ ਬਣਾਉਣ ਲਈ ਦਰਖਾਸਤ, ਬਿਜਲੀ ਕੁਨੈਕਸ਼ਨ , ਘਰਾਂ ਵਿਚ ਪਖਾਨੇ, ਐਲ ਪੀ ਜੀ ਗੈਸ ਕੁਨੈਕਸ਼ਨ, ਸਰਬੱਤ ਸਿਹਤ ਬੀਮਾ ਯੋਜਨਾ ਦੇ ਕਾਰਡ, ਸ਼ਗਨ ਸਕੀਮ, ਬੱਚਿਆਂ ਲਈ ਵਜ਼ੀਫ਼ੇ, ਬੇਰੁਜ਼ਗਾਰਾਂ ਲਈ ਨੌਕਰੀ ਦੇ ਪ੍ਰਸਤਾਵ ਤੇ ਕਰਜ਼ਾ ਸਹੂਲਤਾਂ, ਬੱਸ ਪਾਸ, ਜ਼ਮੀਨਾਂ ਤੇ ਪਲਾਟਾਂ ਦੇ ਇੰਤਕਾਲ, ਮਗਨਰੇਗਾ ਦੇ ਜਾਬ ਕਾਰਡ ਆਦਿ ਤੋਂ ਇਲਾਵਾ ਹੋਰ ਵੀ ਵਿਭਾਗਾਂ ਦੀਆਂ ਸਕੀਮਾਂ ਦੇ ਲਾਭ ਮੌਕੇ ਉੱਤੇ ਦਿੱਤੇ ਜਾਣਗੇ ਜਾਂ ਲਾਭ ਦੇਣ ਲਈ ਜ਼ਰੂਰੀ ਕਾਰਵਾਈ ਪੂਰੀ ਕੀਤੀ ਜਾਵੇਗੀ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ-ਆਪਣੇ ਇਲਾਕੇ ਵਿਚ ਲੱਗਣ ਵਾਲੇ ਇਨ੍ਹਾਂ ਕੈਂਪਾਂ ਦਾ ਲਾਹਾ ਜ਼ਰੂਰ ਲੈਣ।
Please Share This News By Pressing Whatsapp Button