
ਪਿੰਡ ਢੰਡੋਲੀ ਕਲਾਂ ਵਿਖੇ ਹਾੜੀ ਦੀਆਂ ਫਸਲਾਂ ਅਤੇ ਪਰਾਲੀ ਦੀ ਸੰਭਾਲ ਬਾਰੇ ਜਾਗਰੂਕਤਾ ਕੈਂਪ ਲਗਾਇਆ
ਇਸ ਕੈਂਪ ਦੌਰਾਨ ਡਾ. ਮਨਦੀਪ ਸਿੰਘ ਨੇ ਕਿਸਾਨਾਂ ਨੂੰ ਕਣਕ, ਸਰੋਂ ਅਤੇ ਛੋਲਿਆਂ ਦੀਆਂ ਨਵੀਆਂ ਅਤੇ ਉੱਨਤ ਕਿਸਮਾਂ ਅਤੇ ਬੀਜਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਕਿਸਾਨ ਵੀਰਾਂ ਨੂੰ ਨਵੀਆਂ ਕਿਸਮਾਂ ਦਾ ਬੀਜ ਥੋੜੇ ਰਕਬੇ ਤੇ ਤਜਰਬਾ ਕਰਕੇ ਰਕਬਾ ਵਧਾਉਣਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਕਣਕ ਦੀਆਂ ਨਵੀਆਂ ਕਿਸਮਾਂ ਜਿਵੇਂ ਕਿ ਪੀ ਬੀ ਡਬਲਯੂ 824 ਅਤੇ ਪੀ ਬੀ ਡਬਲਯੂ 766 (ਸੁਨਹਿਰੀ) ਦਾ ਬੀਜ ਕਿ੍ਰਸੀ ਵਿਗਿਆਨ ਕੇਂਦਰ, ਖੇੜੀ ਵਿਖੇ ਉਪਲਬਧ ਹੈ। ਇਸ ਤੋਂ ਇਲਾਵਾ ਡੀ ਬੀ ਡਬਲਯੂ 187, ਡੀ ਬੀ ਡਬਲਯੂ 222, ਉੱਨਤ ਪੀ ਬੀ 343, ਉੱਨਤ ਪੀ ਬੀ 550 ਦਾ ਬੀਜ ਵੀ ਮਿਲਦਾ ਹੈ। ਉਹਨਾਂ ਦੱਸਿਆ ਕਿ 10 ਕੁਇੰਟਲ ਪਰਾਲੀ ਨੂੰ ਸਾੜਣ ਨਾਲ 400 ਕਿੱਲੋ ਜੈਵਿਕ ਕਾਰਬਨ, 5 ਕਿੱਲੋ ਨਾਈਟ੍ਰੋਜਨ, 3.2 ਕਿੱਲੋ ਫਾਸਫੋਰਸ, 25 ਕਿੱਲੋ ਪੋਟਾਸ ਅਤੇ 1.2 ਕਿੱਲੋ ਸਲਫਰ ਤੱਤਾਂ ਦਾ ਨੁਕਸਾਨ ਹੁੰਦਾ ਹੈ ਅਤੇ ਮਿੱਟੀ ਵਿੱਚਲੇ ਸੂਖਮ ਜੀਵ ਵੀ ਨਸਟ ਹੋ ਜਾਂਦੇ ਹਨ। ਜਿਸ ਨਾਲ ਜਮੀਨ ਦੀ ਜੈਵਿਕ ਸਿਹਤ ਵਿੱਚ ਗਿਰਾਵਟ ਆਉਂਦੀ ਹੈ। ਇਸ ਲਈ ਉਹਨਾਂ ਨੇ ਪਰਾਲੀ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਸੁਝਾਈਆਂ ਤਕਨੀਕਾਂ ਅਪਣਾ ਕੇ ਖੇਤਾਂ ਵਿੱਚ ਹੀ ਸੰਭਾਲਣ ਦੀ ਅਪੀਲ ਕੀਤੀ ਤਾਂ ਜੋ ਪੰਜਾਬ ਦੀ ਆਬੋ-ਹਵਾ ਨੂੰ ਪ੍ਰਦੂਸਣ ਤੋਂ ਬਚਾਉਣ ਦੇ ਨਾਲ-ਨਾਲ ਜਮੀਨ ਦੀ ਜੈਵਿਕ ਸਿਹਤ ਨੂੰ ਸੁਧਾਰਿਆ ਜਾ ਸਕੇ।
ਡਾ. ਸੁਨੀਲ ਕੁਮਾਰ, ਸਹਾਇਕ ਪ੍ਰੋਫੈਸਰ (ਖੇਤੀਬਾੜੀ ਇੰਜੀ.) ਨੇ ਕਿਸਾਨਾਂ ਨੂੰ ਪਰਾਲੀ ਦੀ ਸਾਂਭ-ਸਭਾਲ ਲਈ ਉਪਲਬਧ ਖੇਤੀ ਮਸੀਨਰੀ ਬਾਰੇ ਜਾਣਕਾਰੀ ਦਿੱਤੀ ਅਤੇ ਉਸ ਦੀ ਸਹੀ ਢੰਗ ਨਾਲ ਵਰਤੋਂ ਲਈ ਧਿਆਨ ਰੱਖਣਯੋਗ ਨੁਕਤੇ ਦੱਸੇ। ਓਹਨਾਂ ਨੇ ਕਿਸਾਨਾਂ ਨੂੰ ਮਸੀਨਰੀ ਦੀ ਵਰਤੋਂ ਦੇ ਸਮੇਂ ਆਉਣ ਵਾਲੀਆਂ ਦਿੱਕਤਾਂ ਅਤੇ ਓਹਨਾਂ ਦੇ ਹੱਲ ਬਾਰੇ ਵੀ ਦੱਸਿਆ। ਡਾ. ਅਸੋਕ ਕੁਮਾਰ, ਸਹਾਇਕ ਪ੍ਰੋਫੈਸਰ (ਭੂਮੀ ਵਿਗਿਆਨ) ਨੇ ਕਿਸਾਨਾਂ ਨੂੰ ਪਰਾਲੀ ਵਿੱਚ ਬੀਜੀ ਕਣਕ ਵਿੱਚ ਖਾਦਾਂ ਦੀ ਵਰਤੋਂ ਅਤੇ ਕਣਕ ਵਿੱਚ ਜੈਵਿਕ ਖਾਦਾਂ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਕਿਸਾਨਾਂ ਨੂੰ ਮਿੱਟੀ ਅਤੇ ਪਾਣੀ ਦੀ ਪਰਖ ਕਰਵਾਉਣ ਬਾਰੇ ਵੀ ਦੱਸਿਆ। ਅਖੀਰ ਵਿੱਚ ਸਮੂਹ ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਨਾਲ ਸੰਬੰਧਿਤ ਖੇਤੀ ਸਾਹਿਤ, ਹਾੜੀ ਦੀਆਂ ਫਸਲਾਂ ਦੀਆਂ ਕਿਤਾਬਾਂ ਅਤੇ ਜੀਵਾਣੂੰ ਖਾਦ ਦੇ ਟੀਕੇ ਵੀ ਮੁਹਈਆ ਕਰਵਾਏ ਗਏ। ਇਸ ਕੈਂਪ ਮੌਕੇ ਸਰਪੰਚ ਸ ਦਰਸਨ ਸਿੰਘ ਅਤੇ ਪੰਚਾਇਤ ਮੈਂਬਰ ਸ ਬਲਵਿੰਦਰਜੀਤ ਸਿੰਘ ਅਤੇ ਹਰਦੀਪ ਸਿੰਘ ਦਾ ਪੂਰਨ ਸਹਿਯੋਗ ਰਿਹਾ। ਸ ਮੇਜਰ ਸਿੰਘ, ਰਣਧੀਰ ਸਿੰਘ, ਕੁਲਵੰਤ ਸਿੰਘ, ਪਰਗਟ ਸਿੰਘ, ਸਰਬਜੀਤ ਸਿੰਘ, ਬੁੱਧ ਸਿੰਘ, ਧੰਨ ਸਿੰਘ, ਨੈਬ ਸਿੰਘ ਅਤੇ ਸੁਖਵਿੰਦਰ ਸਿੰਘ ਵਿਸੇਸ ਤੌਰ ਤੇ ਹਾਜਰ ਰਹੇ ਅਤੇ ਆਪੋ ਆਪਣੇ ਤਜਰਬੇ ਸਾਂਝੇ ਕੀਤੇ।
Please Share This News By Pressing Whatsapp Button