
ਤਿਉਹਾਰਾਂ ਦੇ ਦਿਨਾਂ ਵਿੱਚ ਸਾਵਧਾਨੀ ਜ਼ਰੂਰੀ: ਡਾ ਪਰਮਿੰਦਰ ਕੌਰ
ਸੰਗਰੂਰ, 28 ਅਕਤੂਬਰ:
ਸਿਵਲ ਸਰਜਨ ਸੰਗਰੂਰ ਡਾ. ਪਰਮਿੰਦਰ ਕੌਰ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਤਿਉਹਾਰਾਂ ਦੇ ਦਿਨ ਚੱਲ ਰਹੇ ਹਨ ਇਸ ਲਈ ਸਾਰਿਆਂ ਨੂੰ ਲੋੜੀਂਦੀਆਂ ਸਾਵਧਾਨੀਆਂ ਜ਼ਰੂਰ ਵਰਤਣੀਆਂ ਚਾਹੀਦੀਆਂ ਹਨ।
ਸਿਵਲ ਸਰਜਨ ਨੇ ਕਿਹਾ ਕਿ ਦੀਵਾਲੀ ਦੇ ਤਿਉਹਾਰ ਮੌਕੇ ਬੱਚਿਆਂ ਨੂੰ ਵੱਡਿਆਂ ਦੀ ਨਿਗਰਾਨੀ ਹੇਠ ਪਟਾਖੇ ਚਲਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪਟਾਖੇ ਚਲਾਉਂਦੇ ਸਮੇਂ ਰੇਸ਼ਮੀ ਅਤੇ ਢਿੱਲੇ ਕੱਪੜੇ ਨਹੀਂ ਪਾਉਣੇ ਚਾਹੀਦੇ ਸਿਰਫ਼ ਸੂਤੀ ਕੱਪੜੇ ਪਹਿਨਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪਟਾਖੇ ਕਦੇ ਵੀ ਹੱਥ ਵਿੱਚ ਫੜ ਕੇ ਨਹੀਂ ਚਲਾਉਣੇ ਚਾਹੀਦੇ ਤੇ ਅਣਚੱਲੇ ਪਟਾਖਿਆਂ ਨੂੰ ਮੁੜ ਤੋਂ ਚਲਾਉਣ ਦੀ ਕੋਸ਼ਿਸ਼ ਵੀ ਨਹੀਂ ਕਰਨੀ ਚਾਹੀਦੀ, ਕਿਉਂਕਿ ਉਹ ਕਦੇ ਵੀ ਫਟ ਸਕਦੇ ਹਨ। ਡਾ. ਪਰਮਿੰਦਰ ਕੌਰ ਨੇ ਕਿਹਾ ਕਿ ਜੇਕਰ ਪਟਾਖਿਆਂ ਕਾਰਨ ਅੱਖ ’ਤੇ ਸੱਟ ਲੱਗ ਜਾਂਦੀ ਹੈ ਤਾਂ ਅੱਖ ਨੂੰ ਮਲਨਾ ਨਹੀਂ ਚਾਹੀਦਾ ਬਲਕਿ ਤੁਰੰਤ ਅੱਖਾਂ ਦੇ ਮਾਹਰ ਡਾਕਟਰ ਨੂੰ ਦਿਖਾਇਆ ਜਾਵੇ।
ਉਨ੍ਹਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਮਠਿਆਈਆਂ ਭਰੋਸੇਯੋਗ ਦੁਕਾਨਾਂ ਤੋਂ ਹੀ ਖ਼ਰੀਦੀਆਂ ਜਾਣ ਤੇ ਹੋ ਸਕੇ ਤਾਂ ਘਰ ਵਿੱਚ ਹੀ ਮਠਿਆਈਆਂ ਬਨਾਉਣ ਨੂੰ ਤਰਜੀਹ ਦਿੱਤੀ ਜਾਵੇ। ਉਨ੍ਹਾਂ ਸਮੂਹ ਦੁਕਾਨਦਾਰਾਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਮਠਿਆਈਆਂ ਬਣਾਉਣ ਸਮੇਂ ਸਾਫ ਸਫਾਈ ਦਾ ਪੂਰਾ ਧਿਆਨ ਰੱਖਿਆ ਜਾਵੇ ਅਤੇ ਮਠਿਆਈਆਂ ਨੂੰ ਢੱਕ ਕੇ ਰੱਖਿਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਕੋਵਿਡ 19 ਤੋਂ ਬਚਾਅ ਲਈ ਜਾਰੀ ਹਦਾਇਤਾਂ ਘਰੋਂ ਬਾਹਰ ਜਾਣ ਸਮੇਂ ਮਾਸਕ ਪਾਉਣਾ, ਸਮਾਜਿਕ ਦੂਰੀ ਦੀ ਪਾਲਣਾ ਕਰਨਾ ਤੇ ਹੱਥਾਂ ਨੂੰ ਵਾਰ-ਵਾਰ ਸੈਨੇਟਾਈਜ਼ਰ ਜਾਂ ਸਾਬਣ ਪਾਣੀ ਨਾਲ ਸਾਫ਼ ਕਰਨਾ ਆਦਿ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ।
Please Share This News By Pressing Whatsapp Button