
ਸੰਗਰੂਰ ਤੇ ਮਾਨਸਾ ’ਚ ਆਗਾਮੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦੀ ਮੁੱਖ ਚੋਣ ਅਫ਼ਸਰ ਨੇ ਕੀਤੀ ਸਮੀਖਿਆ
ਸੰਗਰੂਰ, 29 ਅਕਤੂਬਰ:
ਮੁੱਖ ਚੋਣ ਅਫਸਰ ਪੰਜਾਬ ਡਾ. ਐਸ. ਕਰੁਣਾ ਰਾਜੂ ਵੱਲੋਂ ਅੱਜ ਸੰਗਰੂਰ ਵਿਖੇ 2022 ’ਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਸੰਗਰੂਰ ਅਤੇ ਮਾਨਸਾ ਜ਼ਿਲ੍ਹਿਆਂ ਦੇ ਚੋਣ ਅਧਿਕਾਰੀਆਂ, ਐਸ.ਐਸ.ਪੀਜ਼, ਈ.ਆਰ.ਓਜ਼/ਆਰ.ਓਜ਼, ਏ.ਈ.ਆਰ ਓਜ਼/ਨੋਡਲ ਅਫਸਰ ਸਵੀਪ ਅਤੇ ਈ.ਵੀ.ਐਮਜ਼ ਨਾਲ ਸਬੰਧਤ ਅਧਿਕਾਰੀਆਂ ਨਾਲ ਤਿਆਰੀਆਂ ਦੀ ਸਮੀਖਿਆ ਲਈ ਮੀਟਿੰਗ ਕੀਤੀ ਗਈ। ਇਸ ਮੌਕੇ ਡਾ. ਐਸ. ਕਰੁਣਾ ਰਾਜੂ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਪਾਰਦਰਸ਼ੀ, ਨਿਰਪੱਖ ਅਤੇ ਸੁਖਾਲੀਆਂ ਚੋਣਾਂ ਕਰਵਾਉਣ ਲਈ ਵਿਸ਼ੇਸ਼ ਤਿਆਰੀਆਂ ਕੀਤੀਆਂ ਗਈਆਂ ਹਨ। ਡਾ. ਰਾਜੂ ਨੇ ਦੱਸਿਆ ਕਿ ਇਸ ਵਾਰ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਸਿਹਤ ਵਿਭਾਗ ਦੀਆਂ ਗਾਈਡਲਾਈਨਜ਼ ਅਨੁਸਾਰ ਵਿਸ਼ੇਸ਼ ਤਿਆਰੀਆਂ ਕੀਤੀਆਂ ਜਾਣਗੀਆਂ। ਉਨਾਂ ਕਿਹਾ ਕਿ ਇਸ ਲਈ ਸਮੂਹ ਪੋਲਿੰਗ ਸਟਾਫ਼ ਦੀ 100 ਫ਼ੀਸਦ ਵੈਕਸੀਨੇਸ਼ਨ ਕਰਵਾਉਣ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।
ਮੁੱਖ ਚੋਣ ਅਫ਼ਸਰ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ’ਚ ਵੱਧ ਤੋਂ ਵੱਧ ਵੋਟਰਾਂ ਦੀ ਹਿੱਸੇਦਾਰੀ ਯਕੀਨੀ ਬਣਾਉਣ ਲਈ 18 ਸਾਲ ਤੋਂ ਵੱਧ ਉਮਰ ਵਾਲੇ ਸਾਰੇ ਨੌਜਵਾਨ ਵੋਟਰਾਂ, ਟਰਾਂਸਜੈਂਡਰਜ਼ ਅਤੇ ਐਨ.ਆਰ.ਆਈਜ਼. ਦੀਆਂ ਵੋਟਾਂ ਰਜਿਸਟਰ ਕਰਨ ਲਈ ਵਿਸ਼ੇਸ਼ ਯਤਨ ਜਾਰੀ ਹਨ। ਉਨਾਂ ਦੱਸਿਆ ਕਿ ਸਰਸਰੀ ਸੁਧਾਈ ਤੋਂ ਬਾਅਦ 5 ਜਨਵਰੀ 2022 ਨੂੰ ਫਾਈਨਲ ਵੋਟਰ ਸੂਚੀ ਜਾਰੀ ਕੀਤੀ ਜਾਵੇਗੀ ਅਤੇ ਇਸ ਤੋਂ ਪਹਿਲਾਂ ਡਰਾਫਟ 1 ਨਵੰਬਰ 2021 ਨੂੰ ਡਰਾਫ਼ਟ ਦਾ ਪ੍ਰਕਾਸ਼ਨ ਕਰਕੇ ਸਾਰੀਆਂ ਰਾਜਸੀ ਧਿਰਾਂ ਦੇ ਇਤਰਾਜ਼ ਸੁਣੇ ਜਾਣਗੇ। ਉਨਾਂ ਦੱਸਿਆ ਕਿ ਵੋਟਰ ਹੈਲਪਲਾਈਨ ਐਪ ਮੋਬਾਇਲ ਵਿੱਚ ਡਾਊਨਲੋਡ ਕਰਕੇ ਵੋਟ ਸਬੰਧੀ ਸਾਰੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨਾਂ ਦੱਸਿਆ ਕਿ ਇਸ ਵਾਰ ਨਵੀਂਆਂ ਵੋਟਾਂ ਬਣਾਉਣ ਲਈ 10 ਲੱਖ ਤੋਂ ਵੱਧ ਫ਼ਾਰਮ ਆ ਚੁੱਕੇ ਹਨ ਅਤੇ ਇਹ ਗਿਣਤੀ ਭਵਿੱਖ ‘ਚ ਹੋਰ ਵੀ ਵੱਧ ਸਕਦੀ ਹੈ।
ਇਸ ਮੌਕੇ ਉਨਾਂ ਸੰਗਰੂਰ ਤੇ ਮਾਨਸਾ ਜ਼ਿਲ੍ਹਿਆਂ ਦੇ ਚੋਣ ਅਧਿਕਾਰੀਆਂ ਕੋਲੋਂ ਨਵੇਂ ਵੋਟਰਾਂ ਦੀਆਂ ਵੋਟਾਂ ਬਣਾਉਣ ਲਈ ਤਿਆਰ ਕੀਤੀ ਗਈ ਰਣਨੀਤੀ, 18-19 ਸਾਲ ਦੇ ਨੋਜਵਾਨਾ ਦੀ ਵੋਟਾਂ ਬਣਾਉਣ ਲਈ ਕੀਤੇ ਜਾਣ ਵਾਲੇ ਕਾਰਜਾਂ ਅਤੇ ਬੂਥ ਵਾਈਜ਼ ਤਿਆਰ ਕੀਤੇ ਗਏ ਪਲਾਨ ਦੀ ਜਾਣਕਾਰੀ ਲਈ। ਉਨਾਂ ਚੋਣ ਅਧਿਕਾਰੀਆਂ ਨੂੰ ਨਾਗਰਿਕਾਂ ਨੂੰ ਵੋਟ ਬਣਾਉਣ ਅਤੇ ਵੋਟਾਂ ਦੌਰਾਨ ਵੋਟ ਪਾਉਣ ਲਈ ਜਾਗਰੂਕ ਕਰਨ ਲਈ ਨਵੇਂ ਢੰਗਾਂ ਨਾਲ ਵਿਸ਼ੇਸ਼ ਉਪਰਾਲੇ ਵਿੱਢਣ ਲਈ ਕਿਹਾ ਤਾਂ ਜੋ ਨੋਜਵਾਨਾਂ ਨੂੰ ਵੋਟਾਂ ਬਣਾਉਣ ਲਈ ਉਤਸ਼ਾਹਤ ਕੀਤਾ ਜਾ ਸਕੇ। ਉਨਾਂ ਚੋਣ ਅਧਿਕਾਰੀਆਂ ਨੂੰ ਬੂਥ ਏਰੀਏ ਤੇ ਬੂਥ ਵਾਈਜ਼ ਸਵੀਪ ਗਤੀਵਿਧੀਆਂ ’ਤੇ ਫੋਕਸ ਕਰਨ ਲਈ ਕਿਹਾ ਤਾਂ ਜੋ ਵੋਟਰ, ਵੋਟ ਦੀ ਮਹੱਤਤਾ ਤੋਂ ਜਾਣੂ ਹੋ ਸਕਣ।
ਮੀਟਿੰਗ ਦੌਰਾਨ ਮੁੱਖ ਚੋਣ ਅਫਸਰ ਸ੍ਰੀ ਰਾਜੂ ਨੇ ਸੰਗਰੂਰ ਤੇ ਮਾਨਸਾ ਜ਼ਿਲ੍ਹਿਆਂ ਦੇ ਹਲਕੇ ਵਾਈਜ਼ ਪੋਲਿੰਗ ਬੂਥਾਂ, 18-19 ਸਾਲ ਦੇ ਪਹਿਲੀ ਵਾਰ ਵੋਟਰਾਂ ਦੀ 100 ਫੀਸਦ ਰਜਿਸ਼ਟਰੇਸ਼ਨ, ਡੈਮੋਗਰਾਫਿਕ ਸਿਮੀਲਰ ਐਂਟਰੀ (ਡੀ.ਐਸ.ਈ), ਲੋਜ਼ੀਕਲ ਐਰਰ, ਫੋਟੋਗਰਾਫੀਕਲ ਸਿਮੀਲਰ ਐਰਰ (ਪੀ.ਐਸ.ਈ) ਦੀ 100 ਫੀਸਦ ਰੀਮੂਵਲ ਅਤੇ ਬੂਥ ਲੈਵਲ ’ਤੇ ਸਵੀਪ ਗਤੀਵਿਧੀਆਂ ਸਬੰਧੀ ਵਿਸਥਾਰ ਵਿਚ ਜਾਣਕਾਰੀ ਪ੍ਰਾਪਤ ਕੀਤੀ।
ਡਾ. ਰਾਜੂ ਨੇ ਸਾਰੇ ਪੋਲਿੰਗ ਬੂਥਾਂ ਵਿੱਚ ਰੈਂਪ, ਪਾਣੀ ਦੀ ਸਹੂਲਤ, ਪਖਾਨੇ ਦੀ ਉਪਲੱਬਧਤਾ ਤੇ ਹੋਰ ਆਧੁਨਿਕ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਲੋੜੀਂਦੇ ਕਦਮ ਚੁੱਕਣ ਦੀ ਹਦਾਇਤ ਵੀ ਜਾਰੀ ਕੀਤੀ। ਇਸ ਮੌਕੇ ਉਨਾਂ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਭਾਰਤੀ ਚੋਣ ਕਮਿਸ਼ਨ ਵੱਲੋਂ ਨਿਰਧਾਰਤ ਸੁਰੱਖਿਆ ਉਪਾਵਾਂ ਨੂੰ ਲਾਗੂ ਕਰਨ ਸਬੰਧੀ ਯੋਜਨਾਬੱਧ ਕਦਮ ਚੁੱਕਣ ਲਈ ਕਿਹਾ। ਮੀਟਿੰਗ ਦੌਰਾਨ ਉਨ੍ਹਾਂ ਸਟੀਕ ਰਿਪੋਰਟਾਂ ਤਿਆਰ ਕਰਨ ਲਈ ਦੋਵੇਂ ਜ਼ਿਲ੍ਹਿਆਂ ਦੇ ਅਧਿਕਾਰੀਆਂ ਦੀ ਸਰਾਹਨਾ ਵੀ ਕੀਤੀ।
ਇਸ ਮੌਕੇ ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫ਼ਸਰ ਸੰਗਰੂਰ ਸ਼੍ਰੀ ਰਾਮਵੀਰ, ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫ਼ਸਰ ਮਾਨਸਾ ਸ਼੍ਰੀ ਮੋਹਿੰਦਰਪਾਲ, ਐਸ.ਐਸ.ਪੀ. ਸੰਗਰੂਰ ਸਵੱਪਨ ਸ਼ਰਮਾ, ਐਸ.ਐਸ.ਪੀ. ਮਾਲੇਰਕੋਟਲਾ ਡਾ. ਰਵਜੋਤ ਗਰੇਵਾਲ, ਵਧੀਕ ਡਿਪਟੀ ਕਮਿਸ਼ਨਰ (ਜ) ਅਨਮੋਲ ਸਿੰਘ ਧਾਲੀਵਾਲ, ਦੋਵੇਂ ਜ਼ਿਲ੍ਹਿਆਂ ਦੇ ਸਮੂਹ ਏ.ਆਰ.ਓਜ਼ ਅਤੇ ਚੋਣਾਂ ਨਾਲ ਸਬੰਧਤ ਨੋਡਲ ਅਫ਼ਸਰ ਤੇ ਹੋਰ ਅਧਿਕਾਰੀ ਹਾਜ਼ਰ ਸਨ।
Please Share This News By Pressing Whatsapp Button