
ਮੁੱਖ ਮੰਤਰੀ ਵੱਲੋਂ ਸਰਕਾਰੀ ਸਕੀਮਾਂ ਇੱਕ ਛੱਤ ਹੇਠਾਂ ਮੁਹੱਈਆ ਕਰਵਾਉਣ ਦੇ ਫ਼ੈਸਲੇ ਦਾ ਲਾਭ ਲੋੜਵੰਦਾਂ ਨੂੰ ਮਿਲਿਆ: ਲਾਭਪਾਤਰੀ
ਮਲੇਰਕੋਟਲਾ 29 ਅਕਤੂਬਰ:
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੂਬਾ ਵਾਸੀਆਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਇੱਕ ਛੱਤ ਹੇਠਾਂ ਮੁਹੱਈਆ ਕਰਵਾਉਣ ਲਈ ਅੱਜ ਮਲੇਰਕੋਟਲਾ ਜ਼ਿਲ੍ਹੇ ‘ਚ ਸੁਵਿਧਾ ਕੈਂਪ ਲਗਾਏ ਗਏ। ਜ਼ਿਲ੍ਹਾ ਪ੍ਰਸ਼ਾਸਨ ਦੀ ਦੇਖ-ਰੇਖ ‘ਚ ਮਲੇਰਕੋਟਲਾ ਦੇ ਸਰਕਾਰੀ ਕਾਲਜ ਵਿਖੇ ਅਤੇ ਪਿੰਡ ਕੁੱਪ ਕਲਾਂ ਦੇ ਗੁਰਦੁਆਰਾ ਸਾਹਿਬ ਦੇ ਗਰਾਊਂਡ ਵਿਖੇ ਲੱਗੇ ਸੁਵਿਧਾ ਕੈਂਪਾਂ ਦਾ ਉੱਥੇ ਪੁੱਜੇ ਵੱਡੀ ਗਿਣਤੀ ਲਾਭਪਾਤਰੀਆਂ ਨੇ ਲਾਭ ਉਠਾਇਆ।
ਸਰਕਾਰੀ ਕਾਲਜ ਮਲੇਰਕੋਟਲਾ ਵਿਖੇ ਲਗਾਏ ਕੈਂਪ ਦਾ ਜਾਇਜ਼ਾ ਉਪ ਮੰਡਲ ਮੈਜਿਸਟ੍ਰੇਟ ਮਲੇਰਕੋਟਲਾ ਸ੍ਰੀ ਜਸਬੀਰ ਸਿੰਘ ਨੇ ਲਿਆ ।ਸ੍ਰੀ ਜਸਬੀਰ ਸਿੰਘ ਨੇ ਦੱਸਿਆ ਕਿ ਇਸ ਕੈਂਪ ‘ਚ ਮਲੇਰਕੋਟਲਾ ਸਬ ਡਵੀਜ਼ਨ ਅਧੀਨ ਆਉਂਦੇ ਇਲਾਕਿਆਂ ਦੇ ਲੋੜਵੰਦਾਂ ਨੇ ਅਰਜ਼ੀਆਂ ਦਿੱਤੀਆਂ ਹਨ ਜਦੋਂਕਿ ਸਰਕਾਰ ਨੇ ਸਰਕਾਰੀ ਸਕੀਮਾਂ ਦਾ ਲਾਭ ਲੈਣ ਤੋਂ ਵਾਂਝੇ ਰਹਿ ਗਏ ਲੋਕਾਂ ਤੱਕ ਸਿੱਧੀ ਪਹੁੰਚ ਕੀਤੀ ਹੈ।ਉਨ੍ਹਾਂ ਹੋਰ ਕਿਹਾ ਕਿ ਇਸ ਕੈਂਪ ਦੌਰਾਨ ਪੰਜਾਬ ਸਰਕਾਰ ਦੀਆਂ ਵੱਖ ਵੱਖ ਭਲਾਈ ਸਕੀਮਾਂ ਦਾ ਲਾਭ ਦੇਣ ਦੇ ਨਾਲ ਨਾਲ ਬਿਜਲੀ ਮੁਆਫ਼ੀ ਦੇ ਫਾਰਮ ਵੀ ਭਰੇ ਗਏ । ਉਨ੍ਹਾਂ ਦੱਸਿਆ ਕਿ ਕੈਂਪ ਵਿੱਚ ਵੱਖ ਵੱਖ ਵਿਭਾਗਾਂ ਵਲੋਂ ਭਲਾਈ ਸਕੀਮਾਂ ਦਾ ਲਾਭ ਦੇਣ ਲਈ ਲਗਾਏ ਸਟਾਲਾਂ ਉੱਤੇ ਲੋਕਾਂ ਦਾ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਇਹ ਵਿਸ਼ੇਸ਼ ਸੁਵਿਧਾ ਕੈਂਪ ਲੋੜਵੰਦਾਂ ਲਈ ਮਦਦਗਾਰ ਸਿੱਧ ਹੋ ਰਹੇ ਹਨ।
ਇਸ ਤਰ੍ਹਾਂ ਸਬ ਡਵੀਜ਼ਨ ਅਹਿਮਦਗੜ੍ਹ ਦੇ ਪਿੰਡ ਕੁੱਪ ਕਲਾਂ ਦੇ ਗੁਰਦੁਆਰਾ ਸਾਹਿਬ ਦੇ ਗਰਾਊਂਡ ਵਿੱਚ ਲਗਾਏ ਗਏ ਵਿਸ਼ੇਸ਼ ਸੁਵਿਧਾ ਕੈਂਪ ਦਾ ਜਾਇਜ਼ਾ ਉਪ ਮੰਡਲ ਮੈਜਿਸਟ੍ਰੇਟ ਅਹਿਮਦਗੜ੍ਹ ਸ੍ਰੀ ਹਰਬੰਸ ਸਿੰਘ ਨੇ ਜਾਇਜ਼ਾ ਲਿਆ । ਇਸ ਮੌਕੇ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਆਮ ਲੋਕਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਲੋਕ ਭਲਾਈ ਸਕੀਮਾਂ ਦੇਣ ਲਈ ਹਮੇਸ਼ਾ ਵਚਨਬੱਧ ਅਤੇ ਤਤਪਰ ਹੈ। ਉਨ੍ਹਾਂ ਕਿਹਾ ਕਿ ਇੱਕੋ ਥਾਂ ਅਤੇ ਇੱਕ ਹੀ ਛੱਤ ਹੇਠ ਕੈਂਪ ਲਗਾਉਣ ਨਾਲ ਜਿੱਥੇ ਆਮ ਲੋਕਾਂ ਨੂੰ ਉਨ੍ਹਾਂ ਦੇ ਦਰਾਂ ਨੇੜੇ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਉੱਥੇ ਹੀ ਉਨ੍ਹਾਂ ਦੇ ਸਮੇਂ ਅਤੇ ਪੈਸੇ ਦੀ ਵੀ ਬੱਚਤ ਹੋ ਰਹੀ ਹੈ।
ਕੈਂਪ ਦੌਰਾਨ ਕੋਵਿਡ-19 ਤੋਂ ਬਚਾਓ ਲਈ ਸਿਹਤ ਵਿਭਾਗ ਵਲੋਂ ਵਿਸ਼ੇਸ਼ ਤੌਰ ਤੇ ਕਰੋਨਾ ਵੈਕਸੀਨੇਸ਼ਨ ਕੈਂਪ ਵੀ ਲਗਾਇਆ ਗਿਆ।
ਕੈਂਪ ‘ਚ ਆਏ ਲੋੜਵੰਦਾਂ ਨੇ ਸੁਵਿਧਾ ਕੈਂਪ ‘ਚ ਮਿਲਣ ਵਾਲੀਆਂ ਸੇਵਾਵਾਂ ‘ਤੇ ਤਸੱਲੀ ਪ੍ਰਗਟਾਉਂਦਿਆਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਸਰਕਾਰੀ ਸਕੀਮਾਂ ਇੱਕ ਛੱਤ ਹੇਠਾਂ ਮੁਹੱਈਆ ਕਰਵਾਉਣ ਦੇ ਲਏ ਫ਼ੈਸਲੇ ਦਾ ਲਾਭ ਅਸਲ ਲਾਭਪਾਤਰੀਆਂ ਤੱਕ ਪੁੱਜਿਆ ਹੈ ਤੇ ਸਰਕਾਰ ਦੀਆਂ ਸਾਰੀਆਂ ਸਕੀਮਾਂ ਸਬੰਧੀ ਵੀ ਸਾਨੂੰ ਜਾਣਕਾਰੀ ਪ੍ਰਾਪਤ ਹੋਈ ਹੈ।
ਕੈਂਪ ਦੌਰਾਨ 5-5 ਮਰਲੇ ਦੇ ਪਲਾਟ, ਪੈਨਸ਼ਨ ਸਕੀਮ (ਬੁਢਾਪਾ, ਵਿਧਵਾ, ਆਸ਼ਰਿਤ, ਦਿਵਿਆਂਗ), ਘਰ ਦੀ ਸਥਿਤੀ (ਕੱਚਾ/ਪੱਕਾ) ਪੀ.ਐਮ.ਏ.ਵਾਈ ਯੋਜਨਾ, ਬਿਜਲੀ ਕੁਨੈਕਸ਼ਨ, ਘਰਾਂ ਵਿਚ ਪਖਾਨੇ ਬਣਾਉਣ, ਐਲ.ਪੀ.ਜੀ. ਕੁਨੈਕਸ਼ਨ, ਸਰਬੱਤ ਸਿਹਤ ਬੀਮਾ ਯੋਜਨਾ ਕਾਰਡ, ਆਸ਼ੀਰਵਾਦ ਸਕੀਮ, ਬੱਚਿਆਂ ਦੀ ਸਕਾਲਰਸ਼ਿਪ, ਐਸ.ਸੀ./ਬੀ.ਸੀ. ਕਾਰਪੋਰੇਸ਼ਨ/ਬੈਂਕ ਫਿੰਕੋ ਤੋਂ ਕਰਜ਼ਾ, ਬੱਸ ਪਾਸ, ਪੈਡਿੰਗ ਇੰਤਕਾਲ ਦੇ ਕੇਸ, ਮਗਨਰੇਗਾ ਜ਼ਾਬ ਕਾਰਡ, ਦੋ ਕਿੱਲੋਵਾਟ ਤੱਕ ਦੇ ਬਿਜਲੀ ਦੇ ਏਰੀਅਰ ਮੁਆਫ਼ੀ ਸਰਟੀਫਿਕੇਟ, ਪੈਂਡਿੰਗ ਸੀ.ਐਲ.ਯੂ./ਨਕਸ਼ੇ ਆਦਿ ਸਬੰਧੀ ਵੱਖ ਵੱਖ ਵਿਭਾਗਾਂ ਨੇ ਆਪਣੇ ਕਾਊਂਟਰ ਲਗਾ ਕੇ ਲੋੜਵੰਦਾਂ ਦੇ ਫਾਰਮ ਭਰੇ ਅਤੇ ਲਾਭਪਾਤਰੀਆਂ ਨੂੰ ਸਰਕਾਰੀ ਸਕੀਮਾਂ ਦੇ ਲਾਭ ਦੇਣ ਸਬੰਧੀ ਪ੍ਰੀਕਿਆਂ ਨੂੰ ਉਲੀਕਿਆ ।
Please Share This News By Pressing Whatsapp Button